ਨਿਊਯਾਰਕ, 12 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਦੁਖਦਾਈ ਦਿਨਾਂ ਵਿੱਚੋਂ ਇੱਕ 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਦੀ 25ਵੀਂ ਵਰ੍ਹੇਗੰਢ ਮੌਕੇ ਨਿਊਯਾਰਕ ਇੱਕ ਵਾਰ ਫਿਰ ਸ਼ਹੀਦਾਂ ਦੀ ਯਾਦ ਵਿੱਚ ਇਕੱਠਾ ਹੋਇਆ। ਸੈਂਟਰਲ ਪਾਰਕ ਵਿੱਚ ਕਰਵਾਈ ਗਈ ਵਿਸ਼ੇਸ਼ 4 ਮੀਲ ਦੌੜ ਦੌਰਾਨ ਕਰੀਬ 5,000 ਦੌੜਾਕਾਂ ਨੇ ਹਿੱਸਾ ਲੈ ਕੇ 9/11 ਵਿੱਚ ਜਾਨਾਂ ਗੁਆਉਣ ਵਾਲੇ ਲਗਭਗ 3,000 ਬੇਗੁਨਾਹ ਲੋਕਾਂ ਨੂੰ ਭਾਵਭੀਨੀ ਸ਼ਰਧਾਂਜਲੀ ਭੇਟ ਕੀਤੀ। ਇਹ ਯਾਦਗਾਰੀ ਦੌੜ ਨਿਊਯਾਰਕ ਰੋਡ ਰਨਰਜ਼ ਅਤੇ 9/11 ਮੈਮੋਰੀਅਲ ਐਂਡ ਮਿਊਜ਼ੀਅਮ ਦੇ ਸਾਂਝੇ ਉਪਰਾਲੇ ਨਾਲ ਕਰਵਾਈ ਗਈ। ਸਮਾਗਮ ਸਿਰਫ਼ ਸ਼ਹੀਦਾਂ ਨੂੰ ਯਾਦ ਕਰਨ ਤੱਕ ਸੀਮਿਤ ਨਹੀਂ ਰਿਹਾ, ਸਗੋਂ ਉਨ੍ਹਾਂ ਅੱਗ ਬੁਝਾਊ ਕਰਮਚਾਰੀਆਂ, ਪੁਲਿਸ ਅਧਿਕਾਰੀਆਂ, ਐਮਰਜੈਂਸੀ ਸੇਵਾ ਕਰਮਚਾਰੀਆਂ ਅਤੇ ਹਜ਼ਾਰਾਂ ਸਵੈਸੇਵਕਾਂ ਦੇ ਹੌਸਲੇ ਅਤੇ ਨਿਸ਼ਕਾਮ ਸੇਵਾ ਨੂੰ ਵੀ ਸਨਮਾਨ ਦਿੱਤਾ ਗਿਆ, ਜਿਨ੍ਹਾਂ ਨੇ 9/11 ਤੋਂ ਬਾਅਦ ਨਿਊਯਾਰਕ ਨੂੰ ਮੁੜ ਸੰਭਾਲਣ ਵਿੱਚ ਅਹਿਮ ਯੋਗਦਾਨ ਪਾਇਆ। ਆਯੋਜਕਾਂ ਅਨੁਸਾਰ ਦੌੜ ਤੋਂ ਇਕੱਠੀ ਹੋਣ ਵਾਲੀ ਸਾਰੀ ਰਕਮ 9/11 ਮੈਮੋਰੀਅਲ ਐਂਡ ਮਿਊਜ਼ੀਅਮ ਦੇ ਵਿਦਿਅਕ ਅਤੇ ਜਾਗਰੂਕਤਾ ਪ੍ਰੋਗਰਾਮਾਂ ਲਈ ਵਰਤੀ ਜਾਵੇਗੀ। ਇਸ ਨਾਲ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਦੁਨੀਆ ਭਰ ਤੋਂ ਆਉਣ ਵਾਲੇ ਲੋਕਾਂ ਲਈ 9/11 ਮੈਮੋਰੀਅਲ ਮੁਫ਼ਤ ਤੌਰ ‘ਤੇ ਖੁੱਲ੍ਹਾ ਰਹੇ। ਦੌੜ ਵਿੱਚ ਸ਼ਾਮਲ ਭਾਗੀਦਾਰਾਂ ਨੇ ਕਿਹਾ ਕਿ ਇਹ ਸਮਾਗਮ ਸਿਰਫ਼ ਇੱਕ ਖੇਡ ਮੁਕਾਬਲਾ ਨਹੀਂ, ਬਲਕਿ ਏਕਤਾ, ਹਿੰਮਤ, ਕੁਰਬਾਨੀ ਅਤੇ ਮਨੁੱਖੀ ਸੇਵਾ ਦੀ ਉਸ ਭਾਵਨਾ ਨੂੰ ਸਲਾਮ ਹੈ ਜਿਸ ਨੇ 9/11 ਤੋਂ ਬਾਅਦ ਪੂਰੇ ਨਿਊਯਾਰਕ ਨੂੰ ਮੁੜ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਇਤਿਹਾਸ ਦੀਆਂ ਅਜਿਹੀਆਂ ਘਟਨਾਵਾਂ ਨੂੰ ਯਾਦ ਰੱਖਣਾ ਅਤੇ ਨਵੀਂ ਪੀੜ੍ਹੀ ਤੱਕ ਉਨ੍ਹਾਂ ਦਾ ਸੰਦੇਸ਼ ਪਹੁੰਚਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।
9/11 ਦੇ ਸ਼ਹੀਦਾਂ ਨੂੰ ਨਿਊਯਾਰਕ ਦਾ ਸਲਾਮ: ਸੈਂਟਰਲ ਪਾਰਕ ਵਿੱਚ ਹਜ਼ਾਰਾਂ ਕਦਮ ਯਾਦਾਂ ਦੇ ਨਾਮ
ਅਜੀਤ ਡੈਸਕ
13-07-2026