ਸਿਡਨੀ, 24 ਜੁਲਾਈ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ’ਚ ਵਾਪਰੀ ਇਕ ਦੁਖਦਾਈ ਘਟਨਾ ਦੌਰਾਨ ਭਾਰਤੀ ਮੂਲ ਦੇ ਟੈਕਸੀ ਚਾਲਕ ਰਹਿਮਤ ਪਾਸ਼ਾ ਵੱਲੋਂ ਦਿਖਾਈ ਗਈ ਦਲੇਰੀ ਤੇ ਮਨੁੱਖਤਾ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ, ਜਦੋਂ ਘਟਨਾ ਸਥਾਨ ’ਤੇ ਮੌਜੂਦ ਲੋਕ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ਵੱਲ ਭੱਜ ਰਹੇ ਸਨ, ਉਸ ਵੇਲੇ ਹੈਦਰਾਬਾਦ ਨਾਲ ਸਬੰਧਤ ਰਹਿਮਤ ਪਾਸ਼ਾ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜ਼ਖ਼ਮੀਆਂ ਦੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ। ਰਿਪੋਰਟਾਂ ਅਨੁਸਾਰ ਰਹਿਮਤ ਪਾਸ਼ਾ ਨੇ ਗੰਭੀਰ ਰੂਪ ’ਚ ਜ਼ਖ਼ਮੀ ਲੋਕਾਂ ਨੂੰ ਐਂਬੂਲੈਂਸਾਂ ਤੱਕ ਪਹੁੰਚਾਉਣ, ਡਰੇ-ਸਹਮੇ ਲੋਕਾਂ ਨੂੰ ਹੌਸਲਾ ਦੇਣ ਤੇ ਐਮਰਜੈਂਸੀ ਸੇਵਾਵਾਂ ਦੇ ਪਹੁੰਚਣ ਤੱਕ ਰਾਹਤ ਕਾਰਜਾਂ ’ਚ ਸਰਗਰਮ ਭੂਮਿਕਾ ਨਿਭਾਈ। ਇਹ ਵੀ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਇਸ ਨਿਸ਼ਕਾਮ ਯਤਨ ਨਾਲ ਕਰੀਬ 18 ਤੋਂ 20 ਲੋਕਾਂ ਦੀਆਂ ਜਾਨਾਂ ਬਚਾਉਣ ’ਚ ਮਦਦ ਮਿਲੀ।ਉਨ੍ਹਾਂ ਦੀ ਬਹਾਦਰੀ ਦੇ ਮੱਦੇਨਜ਼ਰ ਰਹਿਮਤ ਪਾਸ਼ਾ ਨੂੰ ਆਸਟ੍ਰੇਲੀਆ ਦੀ ਸਥਾਈ ਨਿਵਾਸ (ਪਰਮਾਨੈਂਟ ਰੈਜ਼ੀਡੈਂਸੀ) ਪ੍ਰਦਾਨ ਕੀਤੀ ਗਈ ਹੈ ਤੇ ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚਿਆਂ ਦੀਆਂ ਅਰਜ਼ੀਆਂ ’ਤੇ ਵੀ ਕਾਰਵਾਈ ਜਾਰੀ ਹੈ।