ਕੈਨੇਡਾ ਨਾਲ ਵਪਾਰਕ ਟਕਰਾਅ ਹੋਰ ਹੋਇਆ ਤਿੱਖਾ
ਨਿਊਯਾਰਕ, 26 ਅਗਸਤ (ਰਾਜੂ ਸਹਿਬਾਜ਼ਪੁਰਾ)- ਅਮਰੀਕਾ ਅਤੇ ਕੈਨੇਡਾ ਵਿਚਾਲੇ ਵਧਦੇ ਵਪਾਰਕ ਤਣਾਅ ਦਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੇਕ ਓਂਟਾਰੀਓ ਦਾ ਨਾਂਅ ਬਦਲ ਕੇ ‘ਲੇਕ ਅਮਰੀਕਾ’ ਰੱਖਣ ਦੀ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਇਸ ਪ੍ਰਸਤਾਵ ਉੱਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ, ਕਿਉਂਕਿ ਭਵਿੱਖ ਵਿਚ ਓਂਟਾਰੀਓ ਨਾਲ ਵਧੇਰੇ ਕਾਰੋਬਾਰ ਹੋਣ ਦੀ ਉਮੀਦ ਨਹੀਂ ਹੈ।
ਟ
ਟਰੰਪ ਨੇ ‘ਲੇਕ ਓਂਟਾਰੀਓ’ ਦਾ ਨਾਂਅ ਬਦਲਣ ਦੀ ਛੇੜੀ ਚਰਚਾ
27-08-2026
ਨਿਊਯਾਰਕ, 26 ਅਗਸਤ (ਰਾਜੂ ਸਹਿਬਾਜ਼ਪੁਰਾ)- ਅਮਰੀਕਾ ਅਤੇ ਕੈਨੇਡਾ ਵਿਚਾਲੇ ਵਧਦੇ ਵਪਾਰਕ ਤਣਾਅ ਦਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੇਕ ਓਂਟਾਰੀਓ ਦਾ ਨਾਂਅ ਬਦਲ ਕੇ ‘ਲੇਕ ਅਮਰੀਕਾ’ ਰੱਖਣ ਦੀ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਇਸ ਪ੍ਰਸਤਾਵ ਉੱਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ, ਕਿਉਂਕਿ ਭਵਿੱਖ ਵਿਚ ਓਂਟਾਰੀਓ ਨਾਲ ਵਧੇਰੇ ਕਾਰੋਬਾਰ ਹੋਣ ਦੀ ਉਮੀਦ ਨਹੀਂ ਹੈ। ਲੇਕ ਓਂਟਾਰੀਓ ਅਮਰੀਕੀ ਸੂਬੇ ਨਿਊਯਾਰਕ ਅਤੇ ਕੈਨੇਡਾ ਦੇ ਓਂਟਾਰੀਓ ਸੂਬੇ ਵਿਚਾਲੇ ਸਾਂਝੀ ਝੀਲ ਹੈ। ਟਰੰਪ ਵਲੋਂ ਇਸ ਦਾ ਨਾਂਅ ਬਦਲਣ ਸਬੰਧੀ ਦਿੱਤੇ ਬਿਆਨ ਨੇ ਦੋਵਾਂ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਜਾਰੀ ਆਰਥਿਕ ਤਣਾਅ ਨੂੰ ਹੋਰ ਤਿੱਖਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਟਰੰਪ ਮੈਕਸੀਕੋ ਦੀ ਖਾੜੀ ਦਾ ਨਾਂਅ ਬਦਲ ਕੇ ‘ਗਲਫ਼ ਆਫ਼ ਅਮਰੀਕਾ’ ਰੱਖਣ ਦਾ ਹੁਕਮ ਵੀ ਦੇ ਚੁੱਕੇ ਹਨ। ਟਰੰਪ ਨੇ ਕੈਨੇਡਾ ਦੀਆਂ ਫਰਾਂਸੀਸੀ ਭਾਸ਼ਾ ਸਬੰਧੀ ਨੀਤੀਆਂ ਵਿਚ ਅਮਰੀਕੀ ਦਖ਼ਲ ਦੇ ਦੋਸ਼ਾਂ ਨੂੰ ਵੀ ਪੂਰੀ ਤਰ੍ਹਾਂ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕੈਨੇਡਾ ਵਾਸੀਆਂ ਦੇ ਫਰਾਂਸੀਸੀ ਬੋਲ੍ਹਣ ਵਿਚ ਕਦੇ ਦਖ਼ਲ ਨਹੀਂ ਦੇਣਗੇ ਅਤੇ ਨਾ ਹੀ ਉਨ੍ਹਾਂ ਨੇ ਅਜਿਹਾ ਕਰਨ ਬਾਰੇ ਕਦੇ ਸੋਚਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਫਰਾਂਸੀਸੀ ਕੈਨੇਡੀਅਨਾਂ ਦਾ ਸਤਿਕਾਰ ਕਰਦੇ ਹਨ। ਟਰੰਪ ਨੇ ਦੋਸ਼ ਲਾਇਆ ਕਿ ਫਰਾਂਸੀਸੀ ਭਾਸ਼ਾ ਦਾ ਮੁੱਦਾ ਕਿਊਬੈਕ ਦੇ ਲੋਕਾਂ ਦਾ ਸਿਆਸੀ ਸਮਰਥਨ ਹਾਸਲ ਕਰਨ ਲਈ ਉਠਾਇਆ ਗਿਆ ਹੈ। ਉਨ੍ਹਾਂ ਮੁਤਾਬਕ ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰਕ ਗੱਲਬਾਤ ਟੁੱਟਣ ਦਾ ਕਾਰਨ ਫਰਾਂਸੀਸੀ ਭਾਸ਼ਾ ਨਹੀਂ, ਸਗੋਂ ਵਪਾਰ ਨਾਲ ਜੁੜੀਆਂ ਹੋਰ ਸ਼ਰਤਾਂ ਅਤੇ ਅਸਹਿਮਤੀਆਂ ਹਨ। ਇਸੇ ਦੌਰਾਨ ਟਰੰਪ ਨੇ ਐਲਾਨ ਕੀਤਾ ਕਿ ਪਹਿਲੀ ਜਨਵਰੀ, 2027 ਤੋਂ ਕੈਨੇਡਾ ਤੋਂ ਆਉਣ ਵਾਲੀਆਂ ਕਾਰਾਂ, ਵਾਹਨਾਂ ਦੇ ਪੁਰਜ਼ਿਆਂ, ਟਰੱਕਾਂ ਅਤੇ ਸਟੀਲ ਉੱਤੇ 50 ਫ਼ੀਸਦੀ ਟੈਰਿਫ਼ ਲਾਇਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕੈਨੇਡਾ ਕਈ ਸਾਲਾਂ ਤੋਂ ਅਮਰੀਕੀ ਉਤਪਾਦਕਾਂ ਨਾਲ ਨਾਜਾਇਜ਼ ਵਪਾਰਕ ਵਿਵਹਾਰ ਕਰਦਾ ਆ ਰਿਹਾ ਹੈ। ‘ਲੇਕ ਅਮਰੀਕਾ’ ਦੀ ਚਰਚਾ ਅਤੇ 50 ਫ਼ੀਸਦੀ ਟੈਰਿਫ਼ ਦੇ ਐਲਾਨ ਨੇ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਆਰਥਿਕ ਟਕਰਾਅ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।