ਸੀ . ਆਈ . ਏ . ਦੇ ਸਾਬਕਾ ਉੱਚ ਅਧਿਕਾਰੀ ਨੇ ਕਬੂਲਿਆ ਇਕ ਦੋਸ਼
ਨਿਊਯਾਰਕ, 7 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਖ਼ੁਫ਼ੀਆ ਏਜੰਸੀ ਸੀ. ਆਈ.
ਨਿਊਯਾਰਕ, 7 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਖ਼ੁਫ਼ੀਆ ਏਜੰਸੀ ਸੀ.ਆਈ.ਏ. ਦੇ ਸਾਬਕਾ ਉੱਚ ਅਧਿਕਾਰੀ ਡੇਵਿਡ ਰਸ਼ ਨੇ ਸਰਕਾਰੀ ਪੈਸੇ ਨਾਲ ਵੱਡੀ ਧੋਖਾਧੜੀ ਕਰਨ ਦਾ ਦੋਸ਼ ਮੰਨ ਲਿਆ ਹੈ। ਸਰਕਾਰੀ ਵਕੀਲਾਂ ਮੁਤਾਬਕ ਉਸ ਨੇ ਆਪਣੇ ਅਹੁਦੇ ਅਤੇ ਗੁਪਤ ਸਰਕਾਰੀ ਪ੍ਰੋਗਰਾਮਾਂ ਤੱਕ ਪਹੁੰਚ ਦਾ ਗਲਤ ਫਾਇਦਾ ਚੁੱਕ ਕੇ ਕਰੀਬ 19.4 ਕਰੋੜ ਡਾਲਰ ਸਰਕਾਰੀ ਪੈਸਾ ਆਪਣੇ ਫਾਇਦੇ ਲਈ ਵਰਤਿਆ। 49 ਸਾਲਾ ਰਸ਼ ਨੇ ਵਰਜੀਨੀਆ ਦੀ ਸੰਘੀ ਅਦਾਲਤ ਵਿਚ ਵਾਇਰ ਫਰਾਡ ਦਾ ਇਕ ਦੋਸ਼ ਕਬੂਲ ਕੀਤਾ ਹੈ। ਉਸ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ ਹੋ ਸਕਦੀ ਹੈ ਅਤੇ ਸਜ਼ਾ 28 ਜਨਵਰੀ ਨੂੰ ਸੁਣਾਈ ਜਾਣੀ ਹੈ।ਜਾਂਚ ਦੌਰਾਨ ਉਸ ਦੇ ਘਰੋਂ 298 ਸੋਨੇ ਦੇ ਬਿਸਕੁਟ, ਕਰੀਬ 20 ਲੱਖ ਡਾਲਰ ਨਕਦ ਅਤੇ 35 ਮਹਿੰਗੀਆਂ ਘੜੀਆਂ ਮਿਲੀਆਂ। ਵਕੀਲਾਂ ਮੁਤਾਬਕ ਰਸ਼ ਨੇ ਇਕ ਫਰਜ਼ੀ ਗੁਪਤ ਸਰਕਾਰੀ ਪ੍ਰੋਗਰਾਮ ਬਣਾਇਆ ਅਤੇ ਉਸ ਦੇ ਨਾਂਅ ’ਤੇ ਕਰੋੜਾਂ ਡਾਲਰ ਖਰਚ ਕਰਵਾਏ। ਉਸ ਨੇ ਦੱਖਣੀ ਫਲੋਰੀਡਾ ਵਿਚ ਚਾਰ ਮਹਿੰਗੀਆਂ ਜਾਇਦਾਦਾਂ ਅਤੇ ਵਾਹਨਾਂ ਲਈ 14.5 ਕਰੋੜ ਡਾਲਰ ਟਰਾਂਸਫਰ ਕਰਵਾਏ। ਇਸ ਤੋਂ ਇਲਾਵਾ ਕਰੀਬ 18 ਲੱਖ ਡਾਲਰ ਨਿੱਜੀ ਚਾਰਟਰ ਉਡਾਣਾਂ ’ਤੇ ਖਰਚੇ ਗਏ, ਜਿਨ੍ਹਾਂ ਦਾ ਸਰਕਾਰੀ ਕੰਮ ਨਾਲ ਕੋਈ ਸੰਬੰਧ ਨਹੀਂ ਸੀ।ਮਾਮਲਾ ਹੋਰ ਗੰਭੀਰ ਉਸ ਵੇਲੇ ਬਣਿਆ ਜਦੋਂ ਇਹ ਸਾਹਮਣੇ ਆਇਆ ਕਿ ਰਸ਼ ਨੇ ਇਕ ਵਿਦੇਸ਼ੀ ਅਧਿਕਾਰੀ ਨੂੰ ਅਮਰੀਕਾ ਲਈ ਗੁਪਤ ਤੌਰ ’ਤੇ ਜਾਣਕਾਰੀ ਦੇਣ ਵਾਲੇ ਵਿਅਕਤੀ ਬਾਰੇ ਸੰਵੇਦਨਸ਼ੀਲ ਜਾਣਕਾਰੀ ਦਿੱਤੀ ਸੀ। ਸਰਕਾਰੀ ਵਕੀਲਾਂ ਮੁਤਾਬਕ ਇਸ ਨਾਲ ਉਸ ਵਿਅਕਤੀ ਅਤੇ ਉਸ ਨਾਲ ਕੰਮ ਕਰਨ ਵਾਲੇ ਅਮਰੀਕੀ ਅਧਿਕਾਰੀਆਂ ਦੀ ਜਾਨ ਖਤਰੇ ਵਿਚ ਪੈ ਸਕਦੀ ਸੀ। ਰਸ਼ ਨੂੰ ਮਈ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਵਿਚ ਇਹ ਵੀ ਪਤਾ ਲੱਗਾ ਕਿ ਉਸ ਨੇ ਆਪਣੀ ਪੜ੍ਹਾਈ ਅਤੇ ਫ਼ੌਜੀ ਸੇਵਾ ਬਾਰੇ ਝੂਠੀ ਜਾਣਕਾਰੀ ਦਿੱਤੀ ਸੀ। ਇਸ ਦੇ ਬਾਵਜੂਦ ਉਹ ਸੀ.ਆਈ.ਏ. ਵਿਚ ਉੱਚ ਅਹੁਦੇ ਤੱਕ ਪਹੁੰਚ ਗਿਆ ਅਤੇ ਉਸ ਕੋਲ ਬਹੁਤ ਸੰਵੇਦਨਸ਼ੀਲ ਸਰਕਾਰੀ ਜਾਣਕਾਰੀ ਤੱਕ ਪਹੁੰਚ ਸੀ।