ਬਰਮਿੰਘਮ ਕੌਂਸਲ ਦਾ ਅਨੋਖਾ ਕਾਰਨਾਮਾ......! 3 ਲੱਖ 95 ਹਜ਼ਾਰ ਪੌਂਡ ਦਾ ਵੇਚਿਆ ਘਰ, ਨਾਲ ਹੀ ਪ੍ਰਾਇਮਰੀ ਸਕੂਲ ਵੀ ਕਰ ਦਿੱਤਾ ਪੰਜਾਬੀ ਮੂਲ ਦੇ ਖਰੀਦਾਰ ਦੀ ਕੰਪਨੀ ਦੇ ਨਾਂਅ
ਲੰਡਨ, 8 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਬਰਮਿੰਘਮ ਸਿਟੀ ਕੌਂਸਲ ਦੀ ਇਕ ਹੈਰਾਨੀਜਨਕ ਪ੍ਰਸ਼ਾਸਨਿਕ ਗ਼ਲਤੀ ਸਾਹਮਣੇ ਆਈ ਹੈ। ਕੌਂਸਲ ਨੇ ਸਾਲ 2013 ਵਿਚ ਇਕ ਤਿੰਨ ਬੈੱਡਰੂਮ ਵਾਲਾ ਮਕਾਨ 3 ਲੱਖ 95 ਹਜ਼ਾਰ ਪੌਂਡ ਵਿਚ ਨਿਲਾਮ ਕੀਤਾ ਸੀ ਪਰ ਕਾਗ਼ਜ਼ੀ ਕਾਰਵਾਈ ਵਿਚ ਹੋਈ ਗ਼ਲਤੀ ਕਾਰਨ ਮਕਾਨ ਦੇ ਨਾਲ ਲੱਗਦੇ ਜਾਰਜ ਡਿਕਸਨ ਪ੍ਰਾਇਮਰੀ ਸਕੂਲ ਦੀ ਮਾਲਕੀ ਵੀ ਖ਼ਰੀਦਦਾਰ ਕੰਪਨੀ ਦੇ ਨਾਂਅ ਤਬਦੀਲ ਹੋ ਗਈ।
ਲੰਡਨ, 8 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਬਰਮਿੰਘਮ ਸਿਟੀ ਕੌਂਸਲ ਦੀ ਇਕ ਹੈਰਾਨੀਜਨਕ ਪ੍ਰਸ਼ਾਸਨਿਕ ਗ਼ਲਤੀ ਸਾਹਮਣੇ ਆਈ ਹੈ। ਕੌਂਸਲ ਨੇ ਸਾਲ 2013 ਵਿਚ ਇਕ ਤਿੰਨ ਬੈੱਡਰੂਮ ਵਾਲਾ ਮਕਾਨ 3 ਲੱਖ 95 ਹਜ਼ਾਰ ਪੌਂਡ ਵਿਚ ਨਿਲਾਮ ਕੀਤਾ ਸੀ ਪਰ ਕਾਗ਼ਜ਼ੀ ਕਾਰਵਾਈ ਵਿਚ ਹੋਈ ਗ਼ਲਤੀ ਕਾਰਨ ਮਕਾਨ ਦੇ ਨਾਲ ਲੱਗਦੇ ਜਾਰਜ ਡਿਕਸਨ ਪ੍ਰਾਇਮਰੀ ਸਕੂਲ ਦੀ ਮਾਲਕੀ ਵੀ ਖ਼ਰੀਦਦਾਰ ਕੰਪਨੀ ਦੇ ਨਾਂਅ ਤਬਦੀਲ ਹੋ ਗਈ।ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਵੱਡੀ ਗ਼ਲਤੀ ਦਾ ਪਤਾ ਕੌਂਸਲ ਨੂੰ ਲਗਭਗ 11 ਸਾਲ ਬਾਅਦ, 12 ਅਪ੍ਰੈਲ 2024 ਨੂੰ ਲੱਗਾ, ਜਦੋਂ ਸਕੂਲ ਨੂੰ ਅਕੈਡਮੀ ਦਾ ਦਰਜਾ ਦੇਣ ਸੰਬੰਧੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਸੀ। ਬਰਮਿੰਘਮ ਦੇ ਐਜਬੈਸਟਨ ਇਲਾਕੇ ਦੀ ਫਾਊਂਟੇਨ ਰੋਡ ਉਤੇ ਸਥਿਤ ਇਹ ਮਕਾਨ ਪਹਿਲਾਂ ਸਕੂਲ ਦੇ ਕੇਅਰਟੇਕਰ ਲਈ ਬਣਾਇਆ ਗਿਆ ਸੀ। ਇਸ ਨੂੰ ਕੇਅਰ ਹੋਮ ਚਲਾਉਣ ਵਾਲੀ ਕੰਪਨੀ ਐੱਨ.ਐੱਚ. ਕੇਅਰ ਲਿਮਟਿਡ ਨੇ ਖ਼ਰੀਦਿਆ ਸੀ, ਜਿਸ ਨਾਲ ਕਾਰੋਬਾਰੀ ਸੁਖਜੀਤ ਬੈਂਸ ਜੁੜੇ ਹੋਏ ਹਨ।ਦਰਅਸਲ, ਮਕਾਨ ਅਤੇ ਸਕੂਲ ਦੀ ਜ਼ਮੀਨ ਇੱਕੋ ਲੈਂਡ ਰਜਿਸਟਰੀ ਟਾਈਟਲ ਅਧੀਨ ਦਰਜ ਸੀ। ਮਕਾਨ ਦੀ ਮਾਲਕੀ ਤਬਦੀਲ ਕਰਨ ਸਮੇਂ ਵਕੀਲਾਂ ਵਲੋਂ ਟੀ.ਪੀ.1 ਦੀ ਬਜਾਏ ਟੀ.ਆਰ.1 ਫਾਰਮ ਵਰਤਿਆ ਗਿਆ, ਜਿਸ ਨਾਲ ਸਿਰਫ਼ ਮਕਾਨ ਦੀ ਥਾਂ ਪੂਰੀ ਦਰਜ ਜਾਇਦਾਦ ਕੰਪਨੀ ਦੇ ਨਾਂ ਹੋ ਗਈ। ਕੌਂਸਲ ਦੇ ਵਕੀਲ ਵੀ ਇਹ ਗ਼ਲਤੀ ਨਹੀਂ ਫੜ ਸਕੇ ਅਤੇ ਦਸਤਾਵੇਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ। ਰਿਪੋਰਟਾਂ ਅਨੁਸਾਰ, ਸੁਖਜੀਤ ਬੈਂਸ ਅਤੇ ਕੰਪਨੀ ਦੇ ਹੋਰ ਡਾਇਰੈਕਟਰਾਂ ਨੂੰ ਵੀ ਇਸ ਗ਼ਲਤੀ ਬਾਰੇ ਬਾਅਦ ਵਿੱਚ ਪਤਾ ਲੱਗਾ। ਕੌਂਸਲ ਦਾ ਦਾਅਵਾ ਹੈ ਕਿ ਸ਼ੁਰੂ ਵਿੱਚ ਬੈਂਸ ਸਕੂਲ ਦੀ ਮਾਲਕੀ ਵਾਪਸ ਕਰਨ ਲਈ ਸਹਿਮਤ ਹੋ ਗਏ ਸਨ, ਪਰ ਬਾਅਦ ਵਿੱਚ ਲੋੜੀਂਦੇ ਦਸਤਾਵੇਜ਼ਾਂ ਉੱਤੇ ਦਸਤਖ਼ਤ ਨਹੀਂ ਹੋ ਸਕੇ।ਹੁਣ ਬਰਮਿੰਘਮ ਸਿਟੀ ਕੌਂਸਲ ਨੇ ਐੱਨ.ਐੱਚ. ਕੇਅਰ ਲਿਮਟਿਡ ਅਤੇ ਕਰਜ਼ਾ ਦੇਣ ਵਾਲੇ ਲੌਇਡਜ਼ ਬੈਂਕ ਖ਼ਿਲਾਫ਼ ਲੰਡਨ ਦੀ ਹਾਈ ਕੋਰਟ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਕੌਂਸਲ ਦੀ ਦਲੀਲ ਹੈ ਕਿ ਅਸਲ ਸਮਝੌਤਾ ਸਿਰਫ਼ ਮਕਾਨ ਵੇਚਣ ਦਾ ਸੀ, ਸਕੂਲ ਦਾ ਨਹੀਂ। ਇਸ ਤੋਂ ਇਲਾਵਾ ਸਕੂਲ ਦੀ ਜ਼ਮੀਨ ਵੇਚਣ ਲਈ ਸਿੱਖਿਆ ਮੰਤਰੀ ਦੀ ਲੋੜੀਂਦੀ ਪ੍ਰਵਾਨਗੀ ਵੀ ਨਹੀਂ ਲਈ ਗਈ ਸੀ। ਇਸ ਮਾਲਕੀ ਵਿਵਾਦ ਦੇ ਬਾਵਜੂਦ ਜਾਰਜ ਡਿਕਸਨ ਪ੍ਰਾਇਮਰੀ ਸਕੂਲ ਵਿਚ ਲਗਭਗ 324 ਬੱਚਿਆਂ ਦੀ ਪੜ੍ਹਾਈ ਆਮ ਵਾਂਗ ਜਾਰੀ ਹੈ। ਖ਼ਰੀਦਦਾਰ ਕੰਪਨੀ ਵਲੋਂ ਸਕੂਲ ਦੇ ਰੋਜ਼ਾਨਾ ਕੰਮਕਾਜ ਵਿਚ ਦਖ਼ਲ ਦੇਣ ਦੀ ਕੋਈ ਰਿਪੋਰਟ ਨਹੀਂ ਹੈ। ਬਰਮਿੰਘਮ ਕੌਂਸਲ ਦੇ ਬੁਲਾਰੇ ਨੇ ਕਿਹਾ ਹੈ ਕਿ ਪੁਰਾਣੇ ਜਾਇਦਾਦੀ ਦਸਤਾਵੇਜ਼ਾਂ ਵਿਚ ਗ਼ਲਤੀ ਸਾਹਮਣੇ ਆਈ ਹੈ ਅਤੇ ਇਸ ਨੂੰ ਠੀਕ ਕਰਨ ਲਈ ਕਾਨੂੰਨੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ। ਇਸ ਮਾਮਲੇ ਨੇ ਸਰਕਾਰੀ ਜਾਇਦਾਦਾਂ ਦੀ ਵਿਕਰੀ, ਕਾਨੂੰਨੀ ਦਸਤਾਵੇਜ਼ਾਂ ਦੀ ਜਾਂਚ ਅਤੇ ਜਨਤਕ ਸੰਪਤੀ ਦੀ ਸੁਰੱਖਿਆ ਸੰਬੰਧੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਅਦਾਲਤ ਦਾ ਅੰਤਿਮ ਫ਼ੈਸਲਾ ਆਉਣਾ ਅਜੇ ਬਾਕੀ ਹੈ।