ਓਪਨਏਆਈ ਦੀਆਂ ਗੁਪਤ ਮੀਟਿੰਗਾਂ ਰਿਕਾਰਡ ਕਰਨ ਦੀ ਕੋਸ਼ਿਸ਼ , ਸਾਊਦੀ ਇੰਜੀਨੀਅਰ ਗ੍ਰਿਫ਼ਤਾਰ
ਨਿਊਯਾਰਕ, 14 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਨ ਫਰਾਂਸਿਸਕੋ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਓਪਨਏਆਈ ਦੀਆਂ ਗੁਪਤ ਮੀਟਿੰਗਾਂ ਦੀ ਰਿਕਾਰਡਿੰਗ ਕਰਨ ਦੀ ਕਥਿਤ ਕੋਸ਼ਿਸ਼ ਦੇ ਦੋਸ਼ ਹੇਠ ਸੰਘੀ ਜਾਂਚ ਏਜੰਸੀ ਐੱਫ. ਬੀ.
ਨਿਊਯਾਰਕ, 14 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਨ ਫਰਾਂਸਿਸਕੋ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਓਪਨਏਆਈ ਦੀਆਂ ਗੁਪਤ ਮੀਟਿੰਗਾਂ ਦੀ ਰਿਕਾਰਡਿੰਗ ਕਰਨ ਦੀ ਕਥਿਤ ਕੋਸ਼ਿਸ਼ ਦੇ ਦੋਸ਼ ਹੇਠ ਸੰਘੀ ਜਾਂਚ ਏਜੰਸੀ ਐੱਫ.ਬੀ.ਆਈ. ਨੇ 35 ਸਾਲਾ ਸਾਊਦੀ ਇੰਜੀਨੀਅਰ ਅਬਦੁਲਰਹਿਮਾਨ ਅਲਫੋਜ਼ਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਜੁਲਾਈ 2025 ਤੋਂ ਕੰਪਨੀ ਵਿਚ ਕੰਮ ਕਰ ਰਿਹਾ ਸੀ।ਸੰਘੀ ਅਦਾਲਤ ਵਿਚ ਦਾਇਰ ਸ਼ਿਕਾਇਤ ਮੁਤਾਬਕ ਅਲਫੋਜ਼ਾਨ ਨੇ ਕੰਪਨੀ ਦੇ ਉੱਚ ਅਧਿਕਾਰੀਆਂ ਦੇ ਮੀਟਿੰਗ ਕਮਰੇ ਵਿਚ ਲੱਗੇ ਟੈਲੀਵਿਜ਼ਨ ਦੇ ਪਿੱਛੇ ਯੂ.ਐਸ.ਬੀ. ਪੋਰਟ ਨਾਲ ਇਕ ਰਿਕਾਰਡਿੰਗ ਯੰਤਰ ਜੋੜਿਆ ਸੀ। ਇਸ ਨੂੰ ਟਾਇਲਟ ਪੇਪਰ ਵਿਚ ਲਪੇਟ ਕੇ ਲੁਕਾਇਆ ਗਿਆ ਸੀ। ਇਸ ਕਮਰੇ ਵਿਚ ਕੰਪਨੀ ਦੀ ਨਵੀਂ ਤਕਨਾਲੋਜੀ, ਖੋਜ, ਭਵਿੱਖ ਦੀਆਂ ਯੋਜਨਾਵਾਂ ਅਤੇ ਸਰਕਾਰੀ ਸੰਬੰਧਾਂ ਬਾਰੇ ਅਹਿਮ ਚਰਚਾਵਾਂ ਹੁੰਦੀਆਂ ਸਨ।ਯੰਤਰ ਮਿਲਣ ਤੋਂ ਬਾਅਦ ਕੰਪਨੀ ਨੇ ਸੁਰੱਖਿਆ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ। ਇਸ ਵਿਚ ਅਲਫੋਜ਼ਾਨ ਕਈ ਵਾਰ ਉਸ ਕਮਰੇ ਦੇ ਨੇੜੇ ਦਿਖਾਈ ਦਿੱਤਾ, ਜਿਥੇ ਜਾਣ ਦੀ ਉਸ ਨੂੰ ਇਜਾਜ਼ਤ ਨਹੀਂ ਸੀ। ਬਾਅਦ ਵਿਚ ਲਗਾਏ ਗਏ ਕੈਮਰੇ ਵਿਚ ਉਹ ਟੈਲੀਵਿਜ਼ਨ ਦੇ ਪਿੱਛੇ ਰੱਖੇ ਯੰਤਰ ਨੂੰ ਦੇਖਦਾ ਨਜ਼ਰ ਆਇਆ।ਜਾਂਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਅਲਫੋਜ਼ਾਨ ਨੇ ਏ.ਆਈ. ਚੈਟਬੋਟਾਂ ਰਾਹੀਂ ਕੰਪਨੀ ਦੇ ਦਫ਼ਤਰਾਂ, ਮੀਟਿੰਗਾਂ ਦੇ ਸਮੇਂ ਅਤੇ ਉੱਚ ਅਧਿਕਾਰੀਆਂ ਦੇ ਟਿਕਾਣਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਉਸ ਦੀ ਪਤਨੀ ਨਾਲ ਜੁੜੇ ਇਕ ਚੈਟਬੋਟ ਖਾਤੇ ਵਿਚ ਵੀ ਰਿਕਾਰਡਿੰਗ ਯੰਤਰ ਲੁਕਾਉਣ ਦੇ ਤਰੀਕਿਆਂ ਬਾਰੇ ਸਵਾਲ ਪੁੱਛੇ ਗਏ ਸਨ। ਇਸ ਤੋਂ ਇਲਾਵਾ ਉਸ ਦੇ ਇਕ ਲਾਵਾਰਸ ਬੈਗ ਵਿਚੋਂ ਦੂਜਾ ਰਿਕਾਰਡਿੰਗ ਯੰਤਰ ਅਤੇ ਪਛਾਣ ਪੱਤਰ ਮਿਲੇ।ਓਪਨਏਆਈ ਨੇ ਆਪਣੀ ਏ.ਆਈ. ਤਕਨਾਲੋਜੀ ਦੀ ਮਦਦ ਨਾਲ ਸ਼ੱਕੀ ਕਰਮਚਾਰੀ ਦੀ ਪਛਾਣ ਕਰਕੇ ਮਾਮਲਾ ਐੱਫ.ਬੀ.ਆਈ. ਨੂੰ ਸੌਂਪ ਦਿੱਤਾ ਅਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਕੰਪਨੀ ਨੇ ਸਪੱਸ਼ਟ ਕੀਤਾ ਕਿ ਅਜੇ ਤੱਕ ਸੋਰਸ ਕੋਡ, ਏਆਈ ਮਾਡਲਾਂ ਦੀ ਗੁਪਤ ਜਾਣਕਾਰੀ ਜਾਂ ਗਾਹਕਾਂ ਦਾ ਡਾਟਾ ਚੋਰੀ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ।ਐੱਫ.ਬੀ.ਆਈ. ਡਾਇਰੈਕਟਰ ਕਾਸ਼ ਪਟੇਲ ਨੇ ਕਿਹਾ ਕਿ ਅਮਰੀਕਾ ਦੀ ਆਧੁਨਿਕ ਤਕਨਾਲੋਜੀ ਦੀ ਸੁਰੱਖਿਆ ਦੇਸ਼ ਦੀ ਆਰਥਿਕਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ।ਅਲਫੋਜ਼ਾਨ ਖ਼ਿਲਾਫ਼ ਗੈਰਕਾਨੂੰਨੀ ਢੰਗ ਨਾਲ ਨਿੱਜੀ ਗੱਲਬਾਤ ਰਿਕਾਰਡ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ। ਦੋਸ਼ ਸਾਬਤ ਹੋਣ ‘ਤੇ ਉਸ ਨੂੰ ਵੱਧ ਤੋਂ ਵੱਧ 5 ਸਾਲ ਦੀ ਸਜ਼ਾ ਤੇ 2 ਲੱਖ 50 ਹਜ਼ਾਰ ਦਾ ਜੁਰਮਾਨਾ ਲਗਾਇਆ ਜਾਂ ਸਕਦਾ ਹੈ।