ਅਮਰੀਕੀ ਕੰਪਨੀਆਂ ਵਿਚ ਫਰਜ਼ੀ ਪਛਾਣਾਂ ਨਾਲ ਨੌਕਰੀਆਂ ਹਾਸਲ ਕਰਨ ਵਾਲੇ ਉੱਤਰੀ ਕੋਰੀਆਈ ਨੈੱਟਵਰਕ ਦਾ ਪਰਦਾਫਾਸ਼ -2 ਗ੍ਰਿਫ਼ਤਾਰ , 14 ਖ਼ਿਲਾਫ਼ ਦੋਸ਼
ਨਿਊਯਾਰਕ, 14 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਨਿਆਂ ਵਿਭਾਗ ਅਤੇ ਸੰਘੀ ਜਾਂਚ ਏਜੰਸੀ (ਐੱਫ. ਬੀ.
ਨਿਊਯਾਰਕ, 14 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਨਿਆਂ ਵਿਭਾਗ ਅਤੇ ਸੰਘੀ ਜਾਂਚ ਏਜੰਸੀ (ਐੱਫ.ਬੀ.ਆਈ.) ਨੇ ਫਰਜ਼ੀ ਪਛਾਣਾਂ ਰਾਹੀਂ ਅਮਰੀਕੀ ਕੰਪਨੀਆਂ ਵਿਚ ਨੌਕਰੀਆਂ ਹਾਸਿਲ ਕਰਨ ਵਾਲੇ ਉੱਤਰੀ ਕੋਰੀਆ ਨਾਲ ਜੁੜੇ ਇਕ ਵੱਡੇ ਨੈੱਟਵਰਕ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿਚ ਦੋ ਅਮਰੀਕੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਕੁੱਲ 14 ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਦੋਸ਼ ਲਗਾਏ ਗਏ ਹਨ। ਜਾਂਚ ਦੌਰਾਨ ਟੈਕਸਾਸ ਸੂਬੇ ਵਿਚ 40 ਤੋਂ ਵੱਧ ਥਾਵਾਂ ਦੀ ਤਲਾਸ਼ੀ ਲੈ ਕੇ 187 ਲੈਪਟਾਪ ਅਤੇ ਹੋਰ ਇਲੈਕਟ੍ਰਾਨਿਕ ਯੰਤਰ ਜ਼ਬਤ ਕੀਤੇ ਗਏ ਹਨ।ਸੰਘੀ ਅਧਿਕਾਰੀਆਂ ਮੁਤਾਬਕ ਉੱਤਰੀ ਕੋਰੀਆ ਦੇ ਆਈ.ਟੀ. ਕਰਮਚਾਰੀ ਅਮਰੀਕੀ ਨਾਗਰਿਕਾਂ ਦੀਆਂ ਚੋਰੀ ਕੀਤੀਆਂ ਜਾਂ ਫਰਜ਼ੀ ਪਛਾਣਾਂ ਦੀ ਵਰਤੋਂ ਕਰਕੇ ਵੱਖ-ਵੱਖ ਕੰਪਨੀਆਂ ਵਿਚ ਘਰੋਂ ਕੰਮ ਕਰਨ ਵਾਲੀਆਂ ਨੌਕਰੀਆਂ ਹਾਸਲ ਕਰਦੇ ਸਨ। ਇਸ ਕੰਮ ਵਿਚ ਅਮਰੀਕਾ ਵਿਚ ਰਹਿੰਦੇ ਕੁਝ ਵਿਅਕਤੀ ਉਨ੍ਹਾਂ ਦੀ ਮਦਦ ਕਰਦੇ ਸਨ। ਉਹ ਕੰਪਨੀਆਂ ਵਲੋਂ ਭੇਜੇ ਲੈਪਟਾਪ ਆਪਣੇ ਘਰਾਂ ਵਿਚ ਰੱਖਦੇ ਅਤੇ ਵਿਦੇਸ਼ਾਂ ਵਿਚ ਬੈਠੇ ਕਰਮਚਾਰੀਆਂ ਨੂੰ ਇੰਟਰਨੈੱਟ ਰਾਹੀਂ ਉਨ੍ਹਾਂ ਦੀ ਵਰਤੋਂ ਕਰਨ ਦੀ ਸਹੂਲਤ ਦਿੰਦੇ ਸਨ। ਇਸ ਤਰੀਕੇ ਨਾਲ ਕੰਪਨੀਆਂ ਨੂੰ ਇਹ ਵਿਸ਼ਵਾਸ ਦਿਵਾਇਆ ਜਾਂਦਾ ਸੀ ਕਿ ਉਨ੍ਹਾਂ ਦੇ ਕਰਮਚਾਰੀ ਅਮਰੀਕਾ ਵਿਚ ਹੀ ਰਹਿ ਕੇ ਕੰਮ ਕਰ ਰਹੇ ਹਨ।ਨਿਆਂ ਵਿਭਾਗ ਅਨੁਸਾਰ ਇਸ ਧੋਖਾਧੜੀ ਨਾਲ 70 ਤੋਂ ਵੱਧ ਅਮਰੀਕੀ ਕੰਪਨੀਆਂ ਪ੍ਰਭਾਵਿਤ ਹੋਈਆਂ ਅਤੇ 25 ਅਮਰੀਕੀ ਨਾਗਰਿਕਾਂ ਦੀਆਂ ਪਛਾਣਾਂ ਦੀ ਦੁਰਵਰਤੋਂ ਕੀਤੀ ਗਈ। ਇਸ ਨੈੱਟਵਰਕ ਰਾਹੀਂ ਵਿਦੇਸ਼ਾਂ ਵਿਚ ਬੈਠੇ ਆਈ.ਟੀ. ਕਰਮਚਾਰੀਆਂ ਨੇ ਘੱਟੋ-ਘੱਟ 30 ਲੱਖ ਡਾਲਰ ਦੀ ਕਮਾਈ ਕੀਤੀ।ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਪੈਨਸਿਲਵੇਨੀਆ ਦੇ ਮਾਈਕਲ ਜੇਮਜ਼ ਬੋਸਟੇਲ ਅਤੇ ਟੈਕਸਾਸ ਦੇ ਜੁਆਨ ਸੇਸੀਲਿਓ ਪੇਨਾ ਕੈਰੀਲੋ ਵਜੋਂ ਹੋਈ ਹੈ। ਉਨ੍ਹਾਂ ਖ਼ਿਲਾਫ਼ ਧੋਖਾਧੜੀ, ਹਵਾਲਾ ਰਾਸ਼ੀ ਅਤੇ ਪਛਾਣ ਚੋਰੀ ਨਾਲ ਸੰਬੰਧਿਤ ਦੋਸ਼ ਲਗਾਏ ਗਏ ਹਨ। ਇਸੇ ਮਾਮਲੇ ਵਿਚ ਚੀਨ ਵਿਚ ਰਹਿੰਦੇ 10 ਹੋਰ ਵਿਅਕਤੀਆਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਇਨ੍ਹਾਂ ਵਿਚੋਂ ਕੁਝ ਵਿਅਕਤੀ ਅਮਰੀਕਾ ਵਿਚ ਰਹਿੰਦੇ ਆਪਣੇ ਸਾਥੀਆਂ ਨੂੰ ਹਦਾਇਤਾਂ ਦਿੰਦੇ ਸਨ।ਇਹ ਪਹਿਲੀ ਕਾਰਵਾਈ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਮਰੀਕੀ ਜਾਂਚ ਏਜੰਸੀਆਂ ਨੇ 16 ਸੂਬਿਆਂ ਵਿਚ 29 ਸ਼ੱਕੀ ਲੈਪਟਾਪ ਕੇਂਦਰਾਂ ਦੀ ਤਲਾਸ਼ੀ ਲੈ ਕੇ ਕਰੀਬ 200 ਕੰਪਿਊਟਰ, 29 ਵਿੱਤੀ ਖਾਤੇ ਅਤੇ 21 ਫਰਜ਼ੀ ਵੈੱਬਸਾਈਟਾਂ ਜ਼ਬਤ ਕੀਤੀਆਂ ਸਨ। ਉਸ ਵੱਖਰੀ ਜਾਂਚ ਵਿਚ 100 ਤੋਂ ਵੱਧ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਅਤੇ 80 ਤੋਂ ਵੱਧ ਅਮਰੀਕੀ ਨਾਗਰਿਕਾਂ ਦੀਆਂ ਪਛਾਣਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਕੁਝ ਮੁਲਜ਼ਮਾਂ ਉਤੇ ਰੱਖਿਆ ਖੇਤਰ ਦੀ ਸੰਵੇਦਨਸ਼ੀਲ ਤਕਨੀਕੀ ਜਾਣਕਾਰੀ ਅਤੇ 9 ਲੱਖ ਡਾਲਰ ਤੋਂ ਵੱਧ ਦੀ ਡਿਜੀਟਲ ਕਰੰਸੀ ਚੋਰੀ ਕਰਨ ਦੇ ਦੋਸ਼ ਵੀ ਲਗਾਏ ਗਏ ਸਨ।