ਬਰਤਾਨਵੀ ਪੰਜਾਬੀ ਸਾਹਿਤਕਾਰ ਗੁਰਨਾਮ ਸਿੰਘ ਢਿੱਲੋਂ ਨਹੀਂ ਰਹੇ
ਲੰਡਨ, 18 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਪੰਜਾਬੀ ਸਾਹਿਤ ਦੇ ਪ੍ਰਸਿੱਧ ਪ੍ਰਗਤੀਵਾਦੀ ਲੇਖਕ, ਕਵੀ ਅਤੇ ਆਲੋਚਕ ਗੁਰਨਾਮ ਸਿੰਘ ਢਿੱਲੋਂ ਅਕਾਲ ਚਲਾਣਾ ਕਰ ਗਏ ਹਨ। ਉਹ ਕਾਫ਼ੀ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ।
ਲੰਡਨ, 18 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਪੰਜਾਬੀ ਸਾਹਿਤ ਦੇ ਪ੍ਰਸਿੱਧ ਪ੍ਰਗਤੀਵਾਦੀ ਲੇਖਕ, ਕਵੀ ਅਤੇ ਆਲੋਚਕ ਗੁਰਨਾਮ ਸਿੰਘ ਢਿੱਲੋਂ ਅਕਾਲ ਚਲਾਣਾ ਕਰ ਗਏ ਹਨ। ਉਹ ਕਾਫ਼ੀ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ।ਪੰਜਾਬ ਦੇ ਪਿੰਡ ਢਿੱਲਵਾਂ ਨਾਲ ਸੰਬੰਧਿਤ ਗੁਰਨਾਮ ਸਿੰਘ ਢਿੱਲੋਂ 1963 ’ਚ ਇੰਗਲੈਂਡ ਆਏ ਅਤੇ ਪੰਜਾਬ ਵਿਚ ਉਹ ਅਧਿਆਪਕ ਰਹੇ। ਉਨ੍ਹਾਂ ਨੇ 1970 ਵਿਚ ਆਪਣੇ ਪਹਿਲੇ ਕਾਵਿ-ਸੰਗ੍ਰਹਿ ‘ਅੱਗ ਦੇ ਬੀਜ’ ਨਾਲ ਸਾਹਿਤਕ ਸਫ਼ਰ ਦੀ ਸ਼ੁਰੂਆਤ ਕੀਤੀ। ਪੰਜਾਬ ਵਿਚ ਉਹ ‘ਗੁਰਨਾਮ ਕੰਵਲ’ ਦੇ ਨਾਂਅ ਨਾਲ ਵੀ ਜਾਣੇ ਜਾਂਦੇ ਸਨ।ਉਨ੍ਹਾਂ ਦੀਆਂ ਪ੍ਰਸਿੱਧ ਪੁਸਤਕਾਂ ਵਿਚ ‘ਹੱਥ ਤੇ ਹਥਿਆਰ’, ‘ ਲੋਕ ਸ਼ਕਤੀ’, ‘ਦਰਦ ਦਾ ਦਰਿਆ’, ‘ਨਗਾਰਾ’, ‘ਜੂਝਦੇ ਸੂਰਜ’ ਅਤੇ ‘ਓੜਕਿ ਸਚਿ ਰਹੀ’ ਸ਼ਾਮਿਲ ਹਨ। ਉਨ੍ਹਾਂ ਦੀ ਹਾਲ ਹੀ ਵਿਚ ਪ੍ਰਕਾਸ਼ਿਤ ਵਾਰਤਕ ਪੁਸਤਕ ‘ਯਾਦਾਂ ਦੇ ਜਗਦੇ ਚਿਰਾਗ’ ਬਰਤਾਨਵੀ ਪੰਜਾਬੀ ਸਾਹਿਤਕ ਲਹਿਰ ਦੇ ਇਤਿਹਾਸ ਅਤੇ ਯਾਦਾਂ ਦਾ ਮਹੱਤਵਪੂਰਨ ਦਸਤਾਵੇਜ਼ ਹੈ। ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜੇ ਗੁਰਨਾਮ ਢਿੱਲੋਂ ਨੇ ਆਪਣੀਆਂ ਰਚਨਾਵਾਂ ਰਾਹੀਂ ਸਮਾਜਿਕ ਅਸਮਾਨਤਾਵਾਂ, ਧਾਰਮਿਕ ਪਾਖੰਡ, ਸ਼ੋਸ਼ਣ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ਨੂੰ ਬੇਬਾਕੀ ਨਾਲ ਉਠਾਇਆ। ਉਹ ਸਾਹਿਤ ਨੂੰ ਸਮਾਜਿਕ ਚੇਤਨਾ ਪੈਦਾ ਕਰਨ ਦਾ ਸਾਧਨ ਮੰਨਦੇ ਸਨ।ਉਨ੍ਹਾਂ ਦੇ ਵਿਛੋੜੇ ’ਤੇ ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ., ਪ੍ਰਗਤੀਸ਼ੀਲ ਲਿਖਾਰੀ ਸਭਾ, ਪ੍ਰੋਗਰੈਸਿਵ ਲਿਖਾਰੀ ਸਭਾ ਸਮੇਤ ਕੁਲਵੰਤ ਕੌਰ ਢਿੱਲੋਂ, ਮਹਿੰਦਰਪਾਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਢਿੱਲੋਂ, ਸੰਤੋਖ ਸਿੰਘ ਭੁੱਲਰ, ਯਸ਼ ਸਾਥੀ, ਅਜ਼ੀਮ ਸ਼ੇਖਰ, ਮਨਜੀਤ ਕੌਰ ਪੱਡਾ, ਗੁਰਨਾਮ ਗਰੇਵਾਲ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਤਸਵੀਰ: ਗੁਰਨਾਮ ਸਿੰਘ ਢਿੱਲੋਂ