ਗੂਹਲਾ ਚੀਕਾ, 25 ਜਨਵਰੀ (ਓ. ਪੀ. ਸੈਣੀ)-ਸ. ਕਰਮ ਸਿੰਘ ਗਰੇਵਾਲ ਪਬਲਿਕ ਸਕੂਲ ਵਿਖੇ ਗਣਤੰਤਰ ਦਿਵਸ ਉਤਸ਼ਾਹ ਤੇ ਦੇਸ ਭਗਤੀ ਦੇ ਜੋਸ਼ ਨਾਲ ਮਨਾਇਆ | ਪੂਰੇ ਸਕੂਲ ਕੈਂਪਸ ਨੂੰ ਤਿਰੰਗੇ ਝੰਡਿਆਂ ਨਾਲ ਸਜਾਇਆ ਗਿਆ ਸੀ, ਜਿਸ ਨਾਲ ਰਾਸ਼ਟਰੀ ਮਾਣ ਤੇ ਏਕਤਾ ਦਾ ਮਨਮੋਹਕ ਮਾਹੌਲ ਬਣਿਆ | ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀ ਤਿਰੰਗੇ ਰੰਗਾਂ ਵਿਚ ਸਜੇ ਹੋਏ ਸਨ | ਜਸ਼ਨ ਦੌਰਾਨ, ਦੇਸ਼ ਭਗਤੀ ਗੀਤ ਮੁਕਾਬਲਾ, ਤਿਰੰਗੇ ਰੰਗਾਂ ਨਾਲ ਸਜਾਇਆ ਸਲਾਦ ਕੱਟਣਾ ਅਤੇ ਤਿਰੰਗਾ ਬਣਾਉਣਾ ਸਮੇਤ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ | ਪ੍ਰਤਾਪ ਹਾਊਸ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਇਕ ਸੋਚ-ਉਕਸਾਊ ਨਾਟਕ ਨੇ ਇਹ ਸੰਦੇਸ਼ ਦਿੱਤਾ ਕਿ ਗਣਤੰਤਰ ਦਿਵਸ ਦਾ ਅਸਲ ਜਸ਼ਨ ਇਕ ਜ਼ਿੰਮੇਵਾਰ ਤੇ ਚੰਗੇ ਨਾਗਰਿਕ ਬਣਨ ਵਿਚ ਹੈ | ਇਸ ਮੌਕੇ ਅੱਠਵੀਂ ਜਮਾਤ ਦੀ ਵਿਦਿਆਰਥਣ ਕਾਸਵੀ ਨੇ ਉਤਸ਼ਾਹ ਨਾਲ ਭਰੀ ਇਕ ਭਾਵੁਕ ਪੇਸ਼ਕਾਰੀ ਦਿੱਤੀ | ਆਪਣੇ ਸੰਬੋਧਨ 'ਚ ਉਸ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਸੇਵਾ ਕਰਨ ਦਾ ਪ੍ਰਣ ਲੈਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਮਾਤ ਭੂਮੀ ਦੀ ਸੇਵਾ ਕਰਨਾ ਸਾਡਾ ਸਭ ਤੋਂ ਵੱਡਾ ਟੀਚਾ ਹੋਣਾ ਚਾਹੀਦਾ ਹੈ | ਇਕੱਠ ਨੂੰ ਸੰਬੋਧਨ ਕਰਦਿਆਂ ਸਕੂਲ ਪਿ੍ੰਸੀਪਲ ਨੇ ਗਣਤੰਤਰ ਦੇ ਅਰਥ ਸਮਝਾਏ ਤੇ ਦੱਸਿਆ ਕਿ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਕਿਉਂ ਅਤੇ ਕਦੋਂ ਤੋਂ ਮਨਾਇਆ ਜਾਂਦਾ ਹੈ | ਇਸ ਮੌਕੇੇ ਕੰਪਿਊਟਰ ਅਧਿਆਪਕਾ ਅਮਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ | ਇਸ ਮੌਕੇ ਸਕੂਲ ਦੇ ਚੇਅਰਮੈਨ ਰਣਜੀਤ ਸਿੰਘ ਗਰੇਵਾਲ, ਡਾਇਰੈਕਟਰ, ਪਰਮਜੀਤ ਕੌਰ ਗਰੇਵਾਲ ਅਤੇ ਮੈਨੇਜਮੈਂਟ ਮੈਂਬਰ ਅਰਪਨਜੀਤ ਸਿੰਘ ਗਰੇਵਾਲ ਤੇ ਸ੍ਰੀਮਤੀ ਹਰਮਿਲਨ ਕੌਰ ਗਰੇਵਾਲ ਨੇ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ | ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ |