ਗੂਹਲਾ ਚੀਕਾ/ਕੈਥਲ, 2 ਮਾਰਚ (ਓ.ਪੀ. ਸੈਣੀ)-ਡੀ.ਸੀ. ਅਪਰਾਜਿਤਾ ਨੇ ਐਲਾਨ ਕੀਤਾ ਕਿ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਅਹੁਦੇਦਾਰਾਂ ਦੀਆਂ ਚੋਣਾਂ 18 ਮਾਰਚ ਨੂੰ ਹੋਣਗੀਆਂ ਜੋ ਚੋਣ ਵਿਭਾਗ ਵਲੋਂ ਕਰਵਾਈਆਂ ਜਾਣਗੀਆਂ | ਕੈਥਲ ਜ਼ਿਲ੍ਹੇ 'ਚ ਚਾਰ ਬੂਥ ਸਥਾਪਤ ਕੀਤੇ ਗਏ ਹਨ ਜਿਨ੍ਹਾਂ 'ਚ ਕੈਥਲ 'ਚ ਤਿੰਨ ਅਤੇ ਗੂਹਲਾ ਜੁਡੀਸ਼ੀਅਲ ਕੰਪਲੈਕਸ ਵਿਚ ਇਕ ਸ਼ਾਮਲ ਹੈ | ਸ਼ਾਂਤੀਪੂਰਨ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਨੋਡਲ ਅਫ਼ਸਰ ਵੀ ਨਿਯੁਕਤ ਕੀਤੇ ਗਏ ਹਨ | ਡੀ.ਸੀ. ਅਪਰਾਜਿਤਾ ਨੇ ਸੋਮਵਾਰ ਨੂੰ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਚੋਣਾਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦੇਣ ਲਈ ਇਕ ਮੀਟਿੰਗ ਕੀਤੀ | ਇਸ ਤੋਂ ਪਹਿਲਾਂ, ਮੁੱਖ ਚੋਣ ਅਧਿਕਾਰੀ ਏ. ਸ੍ਰੀ ਨਿਵਾਸ ਨੇ ਵੀਡੀਓ ਕਾਨਫਰੰਸ ਰਾਹੀਂ ਚੋਣ ਪ੍ਰਬੰਧਾਂ ਸੰਬੰਧੀ ਜ਼ਰੂਰੀ ਨਿਰਦੇਸ਼ ਦਿੱਤੇ | ਡੀਸੀ ਅਪਰਾਜਿਤਾ ਨੇ ਦੱਸਿਆ ਕਿ ਐਸਡੀਐਮ ਕਲਾਇਤ ਅਜੈ ਹੁੱਡਾ ਕੈਥਲ ਦੇ ਤਿੰਨ ਪੋਲਿੰਗ ਬੂਥਾਂ ਲਈ ਨੋਡਲ ਅਫ਼ਸਰ ਹੋਣਗੇ, ਅਤੇ ਐਸਡੀਐਮ ਗੂਹਲਾ ਕੈਪਟਨ ਪ੍ਰਮੇਸ ਸਿੰਘ ਗੂਹਲਾ-ਚੀਕਾ ਦੇ ਇਕ ਪੋਲਿੰਗ ਬੂਥ ਲਈ ਨੋਡਲ ਅਫ਼ਸਰ ਹੋਣਗੇ | ਕੈਥਲ ਵਿਚ 1,659 ਵਕੀਲ ਅਤੇ ਗੂਹਲਾ ਵਿਚ 146 ਵਕੀਲ ਵੋਟ ਪਾਉਣ ਦੇ ਯੋਗ ਹੋਣਗੇ | ਡੀਸੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਚੋਣਾਂ ਦੌਰਾਨ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਚੋਣਾਂ ਨੂੰ ਸ਼ਾਂਤੀਪੂਰਵਕ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ | ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸੁਰੱਖਿਆ ਉਪਾਅ ਕਰਨ ਦੇ ਨਿਰਦੇਸ਼ ਦਿੱਤੇ | ਐਸਡੀਐਮ ਗੂਹਲਾ ਕੈਪਟਨ ਪ੍ਰਮੇਸ ਸਿੰਘ ਅਤੇ ਹੋਰ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਇਸ ਮੌਕੇ ਮੌਜੂਦ ਸਨ |