ਯਮੁਨਾਨਗਰ, 11 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਵਿਧਾਨ ਸਭਾ ਹਲਕਾ ਯਮੁਨਾਨਗਰ ਤੋਂ ਭਾਜਪਾ ਦੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਵਲੋਂ ਅੱਜ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਪਾਰਟੀ ਵਰਕਰਾਂ ਸਮੇਤ ਨਗਰ ਨਿਗਮ ਅਧੀਨ ਵਾਰਡ ਨੰ. 4 ਦੇ ਭਗਵਾਨਗੜ੍ਹ ਵਿਖੇ ਬਣਾਏ ਜਾ ਰਹੇ ਬੈਡਮਿੰਟਨ ਕੋਰਟ, ਕਮਿਊਨਿਟੀ ਸੈਂਟਰ ਤੇ ਸੜਕ, ਮਾਜਰੀ ਦੇ ਨਾਲ-ਨਾਲ ਚਨੇਤੀ 'ਚ ਤਿਆਰ ਹੋ ਰਹੇ ਕਮਿਊਨਿਟੀ ਹਾਲ ਤੇ ਵਾਲਮੀਕਿ ਭਵਨ ਅਤੇ ਬੁਧੀਆ 'ਚ ਉਸਾਰੀ ਅਧੀਨ ਆਂਗਣਵਾੜੀ ਕੇਂਦਰ ਤੇ ਪਾਰਕ ਦਾ ਅਚਨਚੇਤ ਨਿਰੀਖਣ ਕੀਤਾ | ਇਸ ਮੌਕੇ ਵਿਧਾਇਕ ਅਰੋੜਾ ਨੇ ਅਧਿਕਾਰੀਆਂ ਨੂੰ ਸਮੁੱਚੇ ਵਿਕਾਸ ਕਾਰਜਾਂ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਵੀ ਦਿੱਤੇ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ 'ਸਬਕਾ ਸਾਥ, ਸਬਕਾ ਵਿਕਾਸ' ਦੇ ਨਾਅਰੇ ਤਹਿਤ ਕੰਮ ਕਰ ਰਹੀ ਹੈ, ਜੋ ਕਿ ਪਿੰਡਾਂ, ਗਰੀਬਾਂ, ਕਿਸਾਨਾਂ, ਔਰਤਾਂ ਅਤੇ ਸਮਾਜ ਦੇ ਆਖਰੀ ਵਿਅਕਤੀ ਦੀ ਉੱਨਤੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਵਿਕਾਸ ਪ੍ਰਾਜੈਕਟਾਂ 'ਚ ਵਰਤੀ ਜਾਣ ਵਾਲੀ ਸਮੱਗਰੀ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਮੁੱਚੇ ਵਿਕਾਸ ਕਾਰਜ ਨਿਰਧਾਰਤ ਸਮਾਂ-ਸੀਮਾ ਅੰਦਰ ਹੀ ਪੂਰੇ ਹੋਣ | ਉਨ੍ਹਾਂ ਕਿਹਾ ਕਿ ਕਿਸੇ ਵੀ ਵਿਕਾਸ ਕਾਰਜ 'ਚ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਹ ਕਿਹਾ ਕਿ ਹਰਿਆਣਾ ਭਾਜਪਾ ਸਰਕਾਰ ਦੇ ਸਹਿਯੋਗ ਨਾਲ ਆਪਣੇ ਹਲਕੇ ਯਮੁਨਾਨਗਰ 'ਚ ਕਰੋੜਾਂ ਰੁ. ਦੇ ਵਿਕਾਸ ਕਾਰਜ ਕਰਵਾ ਰਹੇ ਹਨ | ਇਸ ਮੌਕੇ ਮੰਡਲ ਪ੍ਰਧਾਨ ਅਨਿਲ ਕੁਮਾਰ, ਜਨਰਲ ਸਕੱਤਰ ਗੌਰਵ ਭਾਟੀਆ, ਸੰਜੇ ਸ਼ਰਮਾ, ਅਸ਼ੋਕ, ਗੋਵਿੰਦ, ਵਿਜੇ ਪੰਜੇਟਾ, ਓਮ ਪ੍ਰਕਾਸ਼, ਮੁਕੇਸ਼, ਪੰਕਜ ਅਤੇ ਭਾਜਪਾ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਕਪਿਲ ਮਨੀਸ਼ ਗਰਗ ਸਮੇਤ ਹੋਰ ਭਾਜਪਾ ਵਰਕਰ ਵੀ ਹਾਜ਼ਰ ਸਨ |