ਨਵੀਂ ਦਿੱਲੀ, 11 ਅਪ੍ਰੈਲ (ਜਗਤਾਰ ਸਿੰਘ)- ਕੈਨੇਡਾ ਵਿਚ ਇੱਕ ਮੰਦਿਰ ਦੇ ਬਾਹਰ ਕਥਿਤ ਤੌਰ 'ਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਝੰਡੇ ਲੈ ਕੇ ਕੀਤੇ ਗਏ ਪ੍ਰਦਰਸ਼ਨ ਦੀ ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਵੱਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ ¢ ਸੰਸਥਾ ਦੇ ਮੁਖੀ ਗੁਣਜੀਤ ਸਿੰਘ ਬਖ਼ਸ਼ੀ ਨੇ ,ਇਸ ਪ੍ਰਦਰਸ਼ਨ ਨੂੰ ਨਾ ਸਿਰਫ਼ ਗੈਰ ਜ਼ਿੰਮੇਵਾਰਾਨਾ,ਬਲਕਿ ਧਾਰਮਿਕ ਮਰਿਆਦਾਵਾਂ ਦੀ ਖੁੱਲ੍ਹੀ ਉਲੰਘਣਾ ਅਤੇ ਸਮਾਜ ਨੂੰ ਵੰਡਣ ਦੀ ਸੋਚੀ ਸਮਝੀ ਕੋਸ਼ਸ਼ ਕਰਾਰ ਦਿੱਤਾ ¢ ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨ ਸਥਾਨਾਂ ਦੇ ਬਾਹਰ ਨਾਅਰੇਬਾਜ਼ੀ, ਝੰਡੇ ਲਹਿਰਾਉਣ ਅਤੇ ਉਕਸਾਵੇ ਭਰੀਆਂ ਗਤੀਵਿਧੀਆਂ ਕਿਸੇ ਵੀ ਸਮਾਜ ਵਿਚ ਕਬੂਲ ਨਹੀਂ ਕੀਤੀਆਂ ਜਾ ਸਕਦੀਆਂ ¢ ਉਨ੍ਹਾਂ ਨੇ ਸਪਸ਼ਟ ਕਿਹਾ ਕਿ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਸਿਖਾਉਂਦੀਆਂ ਹਨ, ਇਸ ਲਈ ਕਿਸੇ ਦੇ ਧਾਰਮਿਕ ਸਥਾਨ ਦੇ ਬਾਹਰ ਮਾਹੌਲ ਖ਼ਰਾਬ ਕਰਨ ਵਰਗੀ ਕਾਰਵਾਈ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ¢ ਗੁਣਜੀਤ ਸਿੰਘ ਬਖ਼ਸ਼ੀ ਨੇ ਕਿਹਾ ਕਿ ਧਰਮ ਦੇ ਨਾਮ 'ਤੇ ਰਾਜਨੀਤੀ ਅਤੇ ਵੱਖਵਾਦ ਫੈਲਾਉਣਾ ਬਹੁਤ ਖ਼ਤਰਨਾਕ ਰੁਝਾਨ ਹੈ, ਜੋ ਕੇਵਲ ਨਫ਼ਰਤ, ਅਣ ਭਰੋਸੇ ਅਤੇ ਟਕਰਾਅ ਨੂੰ ਜਨਮ ਦਿੰਦਾ ਹੈ ¢ ਉਨ੍ਹਾਂ ਨੇ ਕੈਨੇਡਾ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਤੋਂ ਮੰਗ ਕੀਤੀ ਕਿ ਅਜਿਹੇ ਤੱਤਾਂ ਦੀ ਪਹਿਚਾਣ ਕਰਕੇ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ¢