ਯਮੁਨਾਨਗਰ, 21 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਕਾਨੂੰਨੀ ਸਾਖਰਤਾ ਸੈੱਲ ਵਲੋਂ ਸਟਾਫ਼ ਮੈਂਬਰਾਂ ਅਤੇ ਵਿਦਿਆਰਥਣਾਂ ਲਈ ਜਨਗਣਨਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ਨਗਰ ਨਿਗਮ ਕਮਿਸ਼ਨਰ ਮਹਾਂਵੀਰ ਪ੍ਰਸਾਦ ਮੁੱਖ ਮਹਿਮਾਨ ਸਨ ਅਤੇ ਜ਼ਿਲ੍ਹਾ ਜਨਗਣਨਾ ਕੋਆਰਡੀਨੇਟਰ ਨਿਧੀ ਭਾਟੀਆ ਮੁੱਖ ਬੁਲਾਰੇ ਸਨ, ਜਦਕਿ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ, ਕਾਨੂੰਨੀ ਸਾਖਰਤਾ ਸੈੱਲ ਦੇ ਕਨਵੀਨਰ ਡਾ. ਮੋਨਿਕਾ ਸ਼ਰਮਾ ਅਤੇ ਡਾ. ਸ਼ਿਖਾ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ | ਇਸ ਮੌਕੇ ਜ਼ਿਲ੍ਹਾ ਜਨਗਣਨਾ ਕੋਆਰਡੀਨੇਟਰ ਨੇ ਦੱਸਿਆ ਕਿ ਨਾਗਰਿਕ 30 ਅਪ੍ਰੈਲ ਤੱਕ ਪੋਰਟਲ ਰਾਹੀਂ ਸਵੈ-ਜਨਗਣਨਾ ਵਿਚ ਹਿੱਸਾ ਲੈ ਸਕਦੇ ਹਨ | ਇਸ ਪੋਰਟਲ ਵਿਚ 16 ਭਾਸ਼ਾਵਾਂ ਦੇ ਵਿਕਲਪ ਉਪਲਬਧ ਹਨ ਅਤੇ ਕੋਈ ਵੀ ਵਿਅਕਤੀ ਸਿਰਫ਼ ਇਕ ਵਾਰ ਮੋਬਾਈਲ ਨੰਬਰ ਤੋਂ ਲਾਗ ਇਨ ਕਰ ਸਕਦਾ ਹੈ | ਇਸ ਲਈ ਪੋਰਟਲ 'ਤੇ ਪਰਿਵਾਰ ਦੇ ਮੁਖੀ ਦੇ ਨੰਬਰ ਰਾਹੀਂ ਹੀ ਵੇਰਵਾ ਭਰਨ ਦਾ ਯਤਨ ਕਰਨਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਪੋਰਟਲ 'ਤੇ ਕੁੱਲ 33 ਆਮ ਸਵਾਲ ਪੁੱਛੇ ਜਾਂਦੇ ਹਨ, ਜਿਨ੍ਹਾਂ ਵਿਚ ਘਰ ਦੀ ਬਣਤਰ, ਪਰਿਵਾਰਕ ਮੈਂਬਰਾਂ ਦੀ ਗਿਣਤੀ, ਵਰਤੋਂ ਦੇ ਸਾਧਨ ਜਿਵੇਂ ਕਿ ਸਾਈਕਲ, ਮੋਟਰਸਾਈਕਲ, ਕਾਰ, ਟੀ. ਵੀ., ਇੰਟਰਨੈੱਟ, ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਟਾਇਲਟ ਦੀ ਸਥਿਤੀ ਆਦਿ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਸਵੈ-ਜਨਗਣਨਾ ਪੂਰੀ ਹੋਣ 'ਤੇ ਇਕ ਪਛਾਣ ਪੱਤਰ ਜਾਰੀ ਕੀਤਾ ਜਾਵੇਗਾ, ਜਿਸਦੀ ਪੁਸ਼ਟੀ 1 ਮਈ ਤੋਂ 30 ਮਈ ਦੇ ਵਿਚਕਾਰ ਕੀਤੀ ਜਾਵੇਗੀ | ਇਸ ਉਦੇਸ਼ ਲਈ ਸਰਕਾਰੀ ਸਕੂਲ ਅਧਿਆਪਕਾਂ ਨੂੰ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਜਨਗਣਨਾ ਦਫ਼ਤਰ ਵਲੋਂ ਪਛਾਣ ਪੱਤਰ ਜਾਰੀ ਕੀਤੇ ਜਾਣਗੇ | ਨਿਧੀ ਭਾਟੀਆ ਨੇ ਸਪੱਸ਼ਟ ਕੀਤਾ ਕਿ ਜਨਗਣਨਾ ਦੌਰਾਨ ਕਿਸੇ ਤੋਂ ਵੀ ਨਿੱਜੀ ਜਾਣਕਾਰੀ ਜਿਵੇਂ ਕਿ ਆਧਾਰ ਕਾਰਡ, ਪੈਨ ਕਾਰਡ ਜਾਂ ਜਾਇਦਾਦ ਆਈ. ਡੀ. ਦੀ ਮੰਗ ਨਹੀਂ ਕੀਤੀ ਜਾਵੇਗੀ | ਇਸ ਦੌਰਾਨ ਨਗਰ ਨਿਗਮ ਦੇ ਜ਼ੋਨਲ ਟੈਕਸੇਸ਼ਨ ਅਫ਼ਸਰ ਅਜੈ ਵਾਲੀਆ ਵੀ ਮੌਜੂਦ ਸਨ |