ਨਵੀਂ ਦਿੱਲੀ, 8 ਮਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਚਿੜੀਆਘਰ ਵਿਚ ਇਕ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ | ਚਿੜੀਆਘਰ ਵਿਚ ਪਿਛਲੇ ਮਹੀਨੇ 2 ਸਾਲ ਦੀ ਉਮਰ ਦੇ ਭੇੜੀਏ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ | ਦੱਸਿਆ ਜਾ ਰਿਹਾ ਹੈ ਕਿ ਇਸੇ ਭੇੜੀਏ ਦੀ ਲੱਤ 'ਤੇ ਮਾਮੂਲੀ ਸੱਟ ਲੱਗ ਗਈ ਸੀ ਜਿਸ ਦਾ ਇਲਾਜ ਵੀ ਚੱਲ ਰਿਹਾ ਸੀ ਪ੍ਰੰਤੂ ਚਾਰ ਦਿਨਾਂ ਵਿਚ ਹੀ ਭੇੜੀਏ ਦੀ ਮੌਤ ਹੋ ਗਈ | ਮੌਤ ਪ੍ਰਤੀ ਕਿਹਾ ਜਾ ਰਿਹਾ ਹੈ ਕਿ ਇਹ ਲਾਪ੍ਰਵਾਹੀ ਦਾ ਮਾਮਲਾ ਹੋ ਸਕਦਾ ਹੈ | ਚਿੜੀਆਘਰ ਪ੍ਰਸ਼ਾਸਨ ਇਸ ਮਾਮਲੇ ਪ੍ਰਤੀ ਅਜੇ ਚੁੱਪ ਹੀ ਬੈਠਾ ਹੈ | ਉਧਰ ਚਿੜੀਆਘਰ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਉਹ ਭੇੜੀਏ ਦੀ ਮੌਤ ਦੌਰਾਨ ਚਿੜੀਆਘਰ ਵਿਚ ਨਹੀਂ ਸਨ ਕਿਉਂਕਿ ਉਹ ਟਰੇਨਿੰਗ 'ਤੇ ਗਏ ਹੋਏ ਸਨ | ਅਦਲਾ-ਬਦਲੀ ਦੇ ਪ੍ਰੋਗਰਾਮ ਅਧੀਨ ਪਟਨਾ ਦੇ ਚਿੜੀਆਘਰ ਵਿਚੋਂ 11 ਅਪ੍ਰੈਲ ਨੂੰ ਦਿੱਲੀ ਦੇ ਚਿੜੀਆਘਰ ਵਿਚ 2-2 ਸਾਲ ਦੇ 4 ਭੇੜੀਏ, ਇਕ ਨਰ ਬੰਗਾਲ ਟਾਈਗਰ, ਛੋਟੀ ਹੀ ਉਮਰ ਦੇ 4 ਘੜਿਆਲ ਅਤੇ 3 ਸੱਪ ਲਿਆਂਦੇ ਗਏ ਸਨ | ਦਿੱਲੀ ਦੇ ਚਿੜੀਆਘਰ ਪ੍ਰਸ਼ਾਸਨ ਨੇ ਇਨ੍ਹਾਂ ਦੇ ਬਦਲੇ ਵਾਈਟ ਟਾਈਗਰ ਦਾ ਬੱਚਾ, 6 ਹਿਰਨ, 4 ਪੇਟੈਂਡ ਸਟਾਰਕ ਦਿੱਤੇ ਸਨ | ਸਾਰੇ ਚਿੜੀਆਘਰਾਂ ਵਿਚ ਨਵੇਂ ਆਏ ਵਣ ਜੀਵਾਂ 'ਤੇ ਕੁਝ ਦਿਨ ਧਿਆਨ ਰੱਖਿਆ ਜਾਂਦਾ ਹੈ |