ਨਵੀਂ ਦਿੱਲੀ, 12 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪੱਛਮੀ ਜ਼ਿਲ੍ਹੇ ਦੇ ਕਿਸ਼ਨਗੜ੍ਹ ਥਾਣੇ ਦੀ ਪੁਲਿਸ ਨੇ ਇਕ ਘੰਟੇ ਵਿਚ ਚੋਰੀ ਦਾ ਮਾਮਲਾ ਸੁਲਝਾ ਲਿਆ ਹੈ | ਪੁਲਿਸ ਨੇ ਮੁਹੰਮਦ ਅਸ਼ਾਦ ਅਨਵਰ ਨਾਂਅ ਦੇ ਚੋਰ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ ਚੋਰੀ ਕੀਤਾ ਸਾਮਾਨ ਬਰਾਮਦ ਕਰ ਲਿਆ ਹੈ, ਜਿਸ ਵਿਚ ਇਕ ਆਈ ਫ਼ੋਨ, ਇਕ ਆਈਪੈਡ, ਐਪਲ ਦੀਆਂ ਹੱਥ ਵਾਲੀਆਂ ਘੜੀਆਂ, ਇਕ ਨਿਕੋ ਡੀ.ਐਮ.ਐਲ.ਆਰ. ਕੈਮਰਾ, ਇਕ ਐਂਡਰਾਇਡ ਮੋਬਾਈਲ ਅਤੇ ਕਈ ਇਲੈਕਟਰਿਕ ਸਾਮਾਨ ਆਦਿ ਸ਼ਾਮਿਲ ਹਨ | ਜਦੋਂ ਪੁਲਿਸ ਨੇ ਇਸ ਚੋਰ ਤੋਂ ਪੁੱਛ ਪੜਤਾਲ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਬੇਰੋਜ਼ਗਾਰ ਅਤੇ ਸ਼ਰਾਬ ਪੀਣ ਦਾ ਸ਼ੌਕੀਨ ਹੈ ਅਤੇ ਇਸ ਧੰਦੇ ਨਾਲ ਆਸਾਨੀ ਨਾਲ ਪੈਸਾ ਬਣਾਇਆ ਜਾ ਸਕਦਾ ਹੈ, ਇਸ ਕਰਕੇ ਉਸ ਨੇ ਇਹ ਧੰਦਾ ਅਪਣਾਇਆ ਹੈ | ਪੁਲਿਸ ਨੂੰ ਇਸ ਮਾਮਲੇ ਪ੍ਰਤੀ ਇਕ ਪੀ.ਸੀ.ਆਰ. ਕਾਲ ਮਿਲੀ ਸੀ ਅਤੇ ਪੁਲਿਸ ਦੀ ਟੀਮ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੇਖੀ ਅਤੇ ਹੋਰ ਸੂਚਨਾਵਾਂ ਦੇ ਅਧਾਰ 'ਤੇ ਮੁਹੰਮਦ ਅਸ਼ਾਦ ਅਨਵਰ ਨੂੰ ਗਿ੍ਫ਼ਤਾਰ ਕਰ ਲਿਆ | ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਉਸੇ ਫਲੈਟਾਂ ਵਿਚ ਮਿਲਣ ਗਿਆ ਸੀ ਅਤੇ ਜਦੋਂ ਹੇਠਾਂ ਆ ਰਿਹਾ ਸੀ ਤਾਂ ਉਸ ਨੇ ਇਕ ਫਲੈਟ ਵਿਚ ਤਾਲਾ ਲੱਗਾ ਵੇਖਿਆ ਅਤੇ ਉਸ ਨੇ ਫਲੈਟ ਵਿਚੋਂ ਚੋਰੀ ਕਰ ਲਈ | ਪੁਲਿਸ ਇਸ ਤੋਂ ਹੋਰ ਜਾਂਚ ਵੀ ਕਰ ਰਹੀ ਹੈ |