ਨਵੀਂ ਦਿੱਲੀ, 14 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਬਾਰਿਸ਼ਾਂ ਨਾਲ ਪਾਣੀ ਭਰਨ ਦੀ ਸਮੱਸਿਆ ਨਾਲ ਨਿਪਟਣ ਪ੍ਰਤੀ ਨਗਰ ਪਾਲਿਕਾ ਪ੍ਰੀਸ਼ਦ (ਐਨ.ਡੀ.ਐਮ.ਸੀ.) ਨੇ ਆਪਣੀ ਪੂਰੀ ਤਿਆਰੀ ਕੀਤੀ ਹੈ | ਇਸ ਸਾਲ ਰੋਬੋਟਿਕ ਤਕਨੀਕ ਦੇ ਉਪਯੋਗ 'ਤੇ ਵੀ ਐਨ.ਡੀ.ਐਮ.ਸੀ. ਕੰਮ ਕਰ ਰਹੀ ਹੈ | ਇਸ ਲਈ ਥਾਵਾਂ ਦੀ ਪਹਿਚਾਣ ਵੀ ਕੀਤੀ ਜਾ ਰਹੀ ਹੈ, ਜਿੱਥੇ ਕਿ ਪਹਿਲਾਂ ਬਹੁਤ ਘੱਟ ਸਫ਼ਾਈ ਹੋਈ ਹੈ | ਐਨ.ਡੀ.ਐਮ.ਸੀ. ਨੇ ਤਾਜ ਮਾਨ ਸਿੰਘ ਪੈਲੇਸ ਕੋਲ ਕਿਊ ਪੁਆਇੰਟ 'ਤੇ ਰੋਬੋਟਿਕ ਤਕਨੀਕ ਦੀ ਵਰਤੋਂ ਕਰਨ ਤੋਂ ਪਹਿਲਾਂ ਸਰਵੇ ਦਾ ਕੰਮ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਸ਼ੁਰੂ ਕਰ ਦਿੱਤਾ ਹੈ | ਇਸ ਤੋਂ ਇਲਾਵਾ ਸੁਨਹਿਰੀ ਪੁਲ ਨਾਲੇ ਨੂੰ ਵੀ ਚੁਣਿਆ ਗਿਆ ਹੈ, ਕਿਉਂਕਿ ਇਸ ਨਾਲੇ ਦੀ ਸਫ਼ਾਈ ਕਾਫ਼ੀ ਸਮੇਂ ਤੋਂ ਨਹੀਂ ਹੋਈ, ਜਿਸ ਕਾਰਨ ਇਥੇ ਕਾਫ਼ੀ ਮਾਤਰਾ ਵਿਚ ਪਾਣੀ ਜਮ੍ਹਾਂ ਹੋਣ 'ਤੇ ਕਾਫ਼ੀ ਸਮੱਸਿਆ ਪੈਦਾ ਹੋ ਜਾਂਦੀ ਹੈ | ਐਨ.ਡੀ.ਐਮ.ਸੀ. ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਨਸੂਨ ਐਕਸ਼ਨ ਪਲਾਟ 2026 ਅਨੁਸਾਰ ਪਹਿਲੀ ਵਾਰ ਢਕੇ ਹੋਏ ਨਾਲਿਆਂ ਦੀ ਰੋਬੋਟਿਕ ਸਰਵੇਖਣ ਤਕਨੀਕ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਜੀ.ਆਈ.ਐਸ. ਮੈਪਿੰਗ, ਸੀ.ਸੀ.ਟੀ.ਵੀ. ਨਿਗਰਾਨੀ, ਹਾਈ ਪਾਵਰ ਵਾਲੇ ਪੰਪ ਅਤੇ ਮਸ਼ੀਨਾਂ ਰਾਹੀਂ ਵੀ ਜਲ ਨਿਕਾਸੀ ਦੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ |