ਨਵੀਂ ਦਿੱਲੀ, 14 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ 12 ਸਾਲਾਂ ਤੋਂ ਭਗੌੜੇ ਹੋਏ ਇਕ ਕਾਤਲ ਨੂੰ ਗਿ੍ਫ਼ਤਾਰ ਕਰ ਕੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਕਾਤਲ ਦਾ ਨਾਂਅ ਗੁਲਾਬ ਸਿੰਘ ਉਰਫ਼ ਵਿੱਕੀ (42) ਹੈ ਜੋ ਕਿ ਦਿੱਲੀ ਦੇ ਨੰਦ ਨਗਰੀ ਇਲਾਕੇ ਦਾ ਵਸਨੀਕ ਹੈ ਪ੍ਰੰਤੂ ਪੁਲਿਸ ਨੇ ਇਸ ਨੂੰ ਕੇਸ਼ਵਪੁਰਮ ਦੇ ਸਵਰੂਪ ਨਗਰ ਤੋਂ ਫੜਿਆ ਹੈ, ਜਿੱਥੇ ਕਿ ਉਹ ਚੋਰੀ ਰਹਿ ਰਿਹਾ ਸੀ | ਗੁਲਾਬ ਸਿੰਘ ਪੁਲਿਸ ਤੋਂ ਬਚਣ ਲਈ ਆਪਣੇ ਲਗਾਤਾਰ ਟਿਕਾਣੇ ਬਦਲ ਰਿਹਾ ਸੀ | ਗੁਲਾਬ ਸਿੰਘ, ਮੁਹੰਮਦ ਕਿਆਮ ਦਾ ਕਾਤਲ ਸੀ, ਜੋ ਇਸ ਨੇ ਸਾਲ 2014 ਵਿਚ ਕੀਤਾ ਸੀ | ਪੁਲਿਸ ਨੇ ਇਸ ਨੂੰ ਲੱਭਣ ਦੀ ਕਾਫ਼ੀ ਕੋਸ਼ਿਸ਼ ਕੀਤੀ, ਪ੍ਰੰਤੂ ਇਹ ਪੁਲਿਸ ਦੇ ਹੱਥ ਨਹੀਂ ਚੜਿ੍ਹਆ ਅਤੇ ਹਮੇਸ਼ਾ ਇਕ ਥਾਂ 'ਤੇ ਨਾ ਰਹਿ ਕੇ ਆਪਣਾ ਟਿਕਾਣਾ ਬਦਲਦਾ ਰਿਹਾ | ਅਪਰਾਧ ਸ਼ਾਖਾ ਦੀ ਟੀਮ ਭਗੌੜਿਆਂ ਨੂੰ ਫੜਨ ਲਈ ਲਗਾਤਾਰ ਕੰਮ ਕਰ ਰਹੀ ਸੀ | ਪੁਲਿਸ ਦੀ ਇਸ ਟੀਮ ਨੂੰ ਗੁਲਾਬ ਸਿੰਘ ਦੀਆਂ ਗਤੀਵਿਧੀਆਂ ਦੀ ਗੁਪਤ ਜਾਣਕਾਰੀ ਮਿਲੀ ਅਤੇ ਪੁਲਿਸ ਨੇ ਤੇਜ਼ੀ ਨਾਲ ਆਪਣੀ ਟੀਮ ਨਾਲ ਮਿਲ ਕੇ ਕਾਰਵਾਈ ਸ਼ੁਰੂ ਕੀਤੀ ਤੇ ਅਖ਼ੀਰ ਇਸ ਨੂੰ ਕੇਸ਼ਵਪੁਰਮ ਦੇ ਇਲਾਕੇ ਸਵਰੂਪ ਨਗਰ ਤੋਂ ਗਿ੍ਫ਼ਤਾਰ ਕਰ ਲਿਆ | ਪੁਲਿਸ ਵਲੋਂ ਕੀਤੀ ਗਈ ਪੁੱਛ-ਪੜਤਾਲ ਤੋਂ ਬਾਅਦ ਗੁਲਾਬ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਦਿੱਲੀ ਦੇ ਨੇੜਲੇ ਖੇਤਰਾਂ ਵਿਚ ਛੁਪ ਕੇ ਰਹਿੰਦਾ ਰਿਹਾ ਅਤੇ ਉਹ ਪਹਿਲਾਂ ਕੱਪੜੇ ਦੀ ਦੁਕਾਨ ਕਰਦਾ ਸੀ |