ਡੱਬਵਾਲੀ, 2 ਜੂਨ (ਇਕਬਾਲ ਸਿੰਘ ਸ਼ਾਂਤ)-ਸੇਵਾਮੁਕਤ ਜ਼ਿਲ੍ਹਾ ਖੇਤੀਬਾੜੀ ਚੀਫ਼ ਗੁਰਮੇਲ ਸਿੰਘ ਦੇ ਕਰਜ਼ਾ ਵਿਵਾਦ ਨੂੰ ਲੈ ਕੇ ਸੋਮਵਾਰ ਨੂੰ ਹੋਈ ਕਿਸਾਨ-ਮਜ਼ਦੂਰ ਮਹਾ ਪੰਚਾਇਤ 'ਚ ਕਾਂਗਰਸ ਜ਼ਿਲ੍ਹਾ ਪ੍ਰਧਾਨ ਸਿਰਸਾ ਸੰਤੋਸ਼ ਬੇਨੀਵਾਲ ਨੇ ਪੁਲਿਸ ਪ੍ਰਸ਼ਾਸਨ ਨੂੰ ਸਿੱਧੀ ਚਿਤਾਵਨੀ ਦੇ ਦਿੱਤੀ | ਉਨ੍ਹਾਂ ਕਿਹਾ, 'ਕੰਨ ਖੋਲ੍ਹ ਕੇ ਸੁਣ ਲਓ, ਤੁਸੀਂ ਸਾਡੇ ਕਿਸਾਨ ਸਾਥੀਆਂ 'ਤੇ ਜੋ ਮੁਕੱਦਮੇ ਦਰਜ ਕੀਤੇ ਹਨ, ਜੇਕਰ ਉਹ ਤੁਰੰਤ ਵਾਪਸ ਨਾ ਲਏ ਗਏ ਤਾਂ ਅਸੀਂ ਥਾਣੇ ਦੇ ਅੰਦਰ ਅੱਗ ਲਾਉਣ ਦਾ ਕੰਮ ਕਰਾਂਗੇ |'' ਬੇਨੀਵਾਲ ਨੇ ਇਹ ਗੱਲ ਮਹਾ ਪੰਚਾਇਤ ਦੀ ਸਟੇਜ ਤੋਂ ਉਦੋਂ ਕਹੀ ਜਦੋਂ ਮੌਕੇ 'ਤੇ ਕਿਸਾਨਾਂ ਤੇ ਥਾਣਾ ਸਿਟੀ ਦੇ ਮੁਖੀ ਦੇਵੀਲਾਲ ਅਤੇ ਬੀਡੀਪੀਓ ਹਰੀਸ਼ ਕੁਮਾਰ 'ਚ ਐਸਪੀ ਦਫ਼ਤਰ ਦੇ ਘਿਰਾਓ ਦੀ ਜਗ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਪੰਡਾਲ 'ਚ ਗੱਲਬਾਤ ਕਰਵਾਉਣ ਨੂੰ ਲੈ ਕੇ ਚਰਚਾ ਚੱਲ ਰਹੀ ਸੀ | ਉਨ੍ਹਾਂ ਦੇ ਬਿਆਨ ਨਾਲ ਜਿੱਥੇ ਮੌਜੂਦ ਇਕੱਠ 'ਚ ਚਰਚਾ ਛਿੜ ਗਈ | ਘਰਾਂ ਅਤੇ ਜ਼ਮੀਨਾਂ ਦੀਆਂ ਕੁਰਕੀਆਂ, ਨਿੱਜੀ ਬੈਂਕਾਂ ਅਤੇ ਫਾਈਨਾਂਸ ਕੰਪਨੀਆਂ ਦੀ ਕਥਿਤ ਮਨਮਾਨੀ ਅਤੇ ਕਿਸਾਨਾਂ 'ਤੇ ਦਰਜ ਮਾਮਲਿਆਂ ਦੇ ਵਿਰੋਧ 'ਚ ਹੋਈ ਮਹਾ ਪੰਚਾਇਤ 'ਚ ਵੱਖ-ਵੱਖ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਹਿੱਸਾ ਲਿਆ | ਵੱਡੀ ਗਿਣਤੀ 'ਚ ਕਿਸਾਨ, ਮਜ਼ਦੂਰ ਅਤੇ ਅÏਰਤਾਂ ਮੌਜੂਦ ਰਹੀਆਂ | ਡੀਐਸਪੀ (ਹੈੱਡਕੁਆਰਟਰ) ਯੋਗੇਸ਼ ਕੁਮਾਰ ਨੇ ਮਹਾ ਪੰਚਾਇਤ 'ਚ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕੀਤਾ | ਮੰਗ ਪੱਤਰ 'ਚ ਸਰਫੇਸੀ ਐਕਟ ਖਤਮ ਕਰਨ, ਕੁਰਕੀਆਂ 'ਤੇ ਰੋਕ ਲਗਾਉਣ ਅਤੇ ਨਿੱਜੀ ਫਾਈਨਾਂਸ ਕੰਪਨੀਆਂ 'ਤੇ ਕੰਟਰੋਲ ਕਰਨ ਦੀ ਮੰਗ ਉਠਾਈ ਗਈ | ਇਸ ਤੋਂ ਪਹਿਲਾਂ ਰਾਜਸਥਾਨ ਦੇ ਸਾਬਕਾ ਵਿਧਾਇਕ ਬਲਵਾਨ ਪੁਨੀਆ, ਕਿਸਾਨ ਆਗੂ ਮੰਗੇਜ਼ ਚੌਧਰੀ, ਰਾਕੇਸ਼ ਫਗੋੜੀਆ, ਭੋਲਾ ਸਿੰਘ ਬਰਾੜ, ਮਿੱਠੂ ਕੰਬੋਜ, ਚਰਨਜੀਤ ਸਿੰਘ ਬਣਵਾਲਾ, ਖੁਸ਼ਦੀਪ ਹੈਬੂਆਣਾ, ਦੀਵਾਨ ਸਹਾਰਣ, ਜਗਜੀਤ ਸਿੰਘ ਜੱਗੀ, ਸੁਮਿਤ ਦਲਾਲ, ਸੁਰਜੀਤ ਸਿੰਘ, ਸੰਦੀਪ ਧੀਰਣਵਾਸ, ਨੱਥੂਰਾਮ ਭਾਰੂਖੇੜਾ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਕਿਸੇ ਕਿਸਾਨ, ਮਜ਼ਦੂਰ ਜਾਂ ਆਮ ਨਾਗਰਿਕ ਨੂੰ ਘਰ ਜਾਂ ਜ਼ਮੀਨ ਤੋਂ ਬੇਦਖ਼ਲ ਕਰਨ ਦੀ ਕੋਸ਼ਿਸ਼ ਹੋਈ ਤਾਂ ਜਥੇਬੰਦਕ ਸੰਘਰਸ਼ ਵਿੱਢਿਆ ਜਾਵੇਗਾ | ਬੁਲਾਰਿਆਂ ਨੇ ਦੋਸ਼ ਲਾਇਆ ਕਿ ਸਰਫੇਸੀ ਐਕਟ ਰਾਹੀਂ ਘਰਾਂ ਅਤੇ ਜ਼ਮੀਨਾਂ ਦੀਆਂ ਕੁਰਕੀਆਂ ਵਧ ਰਹੀਆਂ ਹਨ ਅਤੇ ਨਿੱਜੀ ਬੈਂਕਾਂ ਤੇ ਫਾਈਨਾਂਸ ਕੰਪਨੀਆਂ ਵੱਲੋਂ ਕਰਜ਼ਾ ਵਸੂਲੀ ਦੇ ਨਾਂਅ 'ਤੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ | ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ 10 ਜੂਨ ਨੂੰ ਹਨੂੰਮਾਨਗੜ੍ਹ ਸਥਿਤ ਐਚਡੀਐਫਸੀ ਬੈਂਕ ਦੇ ਘਿਰਾਓ ਅਤੇ 18 ਜੂਨ ਨੂੰ ਨਵੀਂ ਦਾਣਾ ਮੰਡੀ, ਡੱਬਵਾਲੀ 'ਚ ਵਿਸ਼ਾਲ ਕਿਸਾਨ-ਮਜ਼ਦੂਰ ਮਹਾ ਪੰਚਾਇਤ ਕਰਨ ਦਾ ਐਲਾਨ ਕੀਤਾ |
'ਕਿਸਾਨ-ਮਜ਼ਦੂਰ ਮਹਾ ਪੰਚਾਇਤ' ਕੁਰਕੀਆਂ ਖ਼ਿਲਾਫ਼ ਅੰਦੋਲਨ ਤੇਜ਼ ਕਰਨ ਦਾ ਐਲਾਨ, ਡੀ.ਐਸ.ਪੀ. ਨੂੰ ਸੌਂਪਿਆ ਮੰਗ ਪੱਤਰ
ਅਜੀਤ ਡੈਸਕ
03-06-2026