ਯਮੁਨਾਨਗਰ, 10 ਜੁਲਾਈ (ਗੁਰਦਿਆਲ ਸਿੰਘ ਨਿਮਰ)-1 ਕਰੋੜ ਦੀ ਫਿਰੌਤੀ ਮੰਗਣ ਵਾਲੇ ਮੁਲਜ਼ਮ ਨੂੰ ਅਮਰੀਕਾ ਤੋਂ ਡਿਪੋਰਟ ਕਰਨ ਤੋਂ ਬਾਅਦ ਥਾਣਾ ਬਿਲਾਸਪੁਰ ਦੀ ਪੁਲਿਸ ਨੇ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵਲੋਂ ਮੁਲਜ਼ਮ ਦੀ ਐਲ. ਓ. ਸੀ. ਤਹਿਤ ਗ੍ਰਿਫ਼ਤਾਰ ਪਾਏ ਜਾਣ ਤੋਂ ਬਾਅਦ ਉਸ ਤੋਂ ਪਾਸਪੋਰਟ, ਡਾਲਰ, ਬੈਂਕ ਕਾਰਡ ਅਤੇ ਬੋਰਡਿੰਗ ਪਾਸ ਬਰਾਮਦ ਕੀਤੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਿਲਾਸਪੁਰ ਦੇ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਗੌਰਵ ਉਰਫ ਗੋਲੂ ਨਾਮਕ ਇਹ ਮੁਲਜ਼ਮ ਉਨ੍ਹਾਂ ਮੁੱਖ ਮੁਲਜ਼ਮਾਂ ‘ਚੋਂ ਇਕ ਹੈ, ਜਿਹੜੇ ਕਿ ਦਸੰਬਰ 2024 ‘ਚ 1 ਕਰੋੜ ਰੁ. ਦੀ ਫਿਰੌਤੀ ਮੰਗਣ ਅਤੇ ਅਨਾਜ ਮੰਡੀ ਦੇ ਕਮਿਸ਼ਨ ਏਜੰਟ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ’ਚ ਫ਼ਰਾਰ ਚੱਲ ਰਹੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਸ ਨੂੰ ਅਮਰੀਕਾ ਵਲੋਂ ਡਿਪੋਰਟ ਕਰਨ ਤੋਂ ਬਾਅਦ ਇੱਥੇ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਰੁੱਧ ਪਹਿਲਾਂ ਹੀ ਲੁੱਕਆਊਟ ਸਰਕੂਲਰ ਜਾਰੀ ਕੀਤਾ ਜਾ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਕਮਿਸ਼ਨ ਏਜੰਟ ਸ਼ਿਵ ਕੁਮਾਰ ਪੁੱਤਰ ਬਾਬੂ ਰਾਮ ਮੂਲ ਵਾਸੀ ਪਿੰਡ ਮਛਰੌਲੀ ਤੇ ਹਾਲ ਵਾਸੀ ਦੁਕਾਨ ਨੰ. 3-4 ਅਨਾਜ ਮੰਡੀ ਬਿਲਾਸਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ 19 ਦਸੰਬਰ 2024 ਨੂੰ ਉਸ ਦੇ ਮੋਬਾਈਲ ਫੋਨ ’ਤੇ ਇਕ ਅਣਜਾਣ ਨੰਬਰ ਤੋਂ ਕਾਲ ਆਈ ਅਤੇ ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਗੈਂਗ ਦਾ ਮੈਂਬਰ ਦਸਦਿਆਂ 1 ਕਰੋੜ ਰੁ. ਦੀ ਫਿਰੌਤੀ ਦੀ ਮੰਗ ਕੀਤੀ। ਮੁਲਜ਼ਮ ਵਲੋਂ ਫਿਰੌਤੀ ਨਾ ਦੇਣ ਦੀ ਸੂਰਤ ’ਚ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 308 (4), 351 (3), 61 (2), 111 (3) ਅਤੇ ਅਸਲ੍ਹਾ ਐਕਟ ਦੀਆਂ ਧਾਰਾਵਾਂ 25, 54, ਅਤੇ 59 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਤਕਨੀਕੀ ਜਾਂਚ ਦੌਰਾਨ ਪੁਲਿਸ ਨੇ ਪਹਿਲਾਂ ਮੋਬਾਈਲ ਨੰਬਰਾਂ ਦੀ ਸਥਿਤੀ ਅਤੇ ਕਾਲ ਵੇਰਵਿਆਂ ਦੀ ਜਾਂਚ ਕੀਤੀ। ਇਸ ਦੇ ਆਧਾਰ ’ਤੇ 23 ਦਸੰਬਰ 2024 ਨੂੰ ਪਿੰਡ ਮਾਣਕਪੁਰ ਦੇ ਰਹਿਣ ਵਾਲੇ ਹਰਪ੍ਰੀਤ ਉਰਫ਼ ਮਨੂੰ ਅਤੇ ਖਾਨਪੁਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਦੋਵਾਂ ਨੇ ਅਪਰਾਧ ‘ਚ ਆਪਣੀ ਭੂਮਿਕਾ ਕਬੂਲ ਕਰ ਲਈ। ਇਸ ਤੋਂ ਬਾਅਦ ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ‘ਚ ਧਾਰਾ 61 (2) ਵੀ ਜੋੜ ਦਿੱਤੀ ਗਈ। ਇਸ ਤੋਂ ਬਾਅਦ ਮੁਲਜ਼ਮਾਂ ਦੁਆਰਾ ਦੋ ਦਿਨਾਂ ਦੇ ਰਿਮਾਂਡ ਦੌਰਾਨ ਕੀਤੇ ਗਏ ਖੁਲਾਸਿਆਂ ਦੇ ਆਧਾਰ ‘ਤੇ ਵਾਰਦਾਤ ਦੌਰਾਨ ਵਰਤੇ ਗਏ ਮੋਬਾਈਲ ਫੋਨ ਬਰਾਮਦ ਕੀਤੇ ਗਏ। ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਇਸ ਅਪਰਾਧ ‘ਚ ਇਕ ਸਵਿਫਟ ਕਾਰ ਅਤੇ ਇਕ ਮੋਟਰਸਾਈਕਲ ਦੀ ਵਰਤੋਂ ਵੀ ਕੀਤੀ ਗਈ ਸੀ। ਪੁਲਿਸ ਨੇ ਦੋਵੇਂ ਵਾਹਨ ਵੀ ਬਰਾਮਦ ਕਰ ਲਏ। ਇਸ ਤੋਂ ਜਾਂਚ ਨੂੰ ਅੱਗੇ ਵਧਾਉਂਦਿਆਂ ਪੁਲਿਸ ਨੇ ਮੁਲਜ਼ਮ ਦੀਪੇਸ਼ ਸ਼ਰਮਾ ਨੂੰ 10 ਜਨਵਰੀ 2025 ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਦੇ ਕਬਜ਼ੇ ‘ਚੋਂ ਇਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਸੀ। ਇਸ ਤੋਂ ਬਾਅਦ ਦੀਪੇਸ਼ ਸ਼ਰਮਾ ਦੇ ਬਿਆਨਾਂ ਦੇ ਆਧਾਰ ‘ਤੇ ਬਿਹਾਰ ਦੇ ਰਹਿਣ ਵਾਲੇ ਪ੍ਰਕਾਸ਼ ਰੰਜਨ ਉਰਫ਼ ਸੰਨੀ ਨੂੰ 17 ਜਨਵਰੀ 2025 ਨੂੰ ਗ੍ਰਿਫਤਾਰ ਕਰਦਿਆਂ ਉਸ ਤੋਂ ਮੋਬਾਈਲ ਫੋਨ ਵੀ ਬਰਾਮਦ ਕੀਤਾ ਸੀ ਅਤੇ ਵਾਰਦਾਤ ਦੌਰਾਨ ਵਰਤੇ ਗਏ ਹਥਿਆਰ ਦੇ ਹੋਰਨਾਂ ਵੇਰਵਿਆਂ ਦੀ ਪੁਸ਼ਟੀ ਕੀਤੀ ਗਈ ਸੀ। ਇਸ ਉਪਰੰਤ 24 ਜਨਵਰੀ 2025 ਨੂੰ ਪੁਲਿਸ ਨੇ ਇਸ ਮਾਮਲੇ ‘ਚ ਯੁਵਰਾਜ ਸਿੰਘ ਨਾਮਕ ਮੁਲਜ਼ਮ, ਜਦਕਿ 12 ਫਰਵਰੀ 2025 ਨੂੰ ਸਤੇਂਦਰ ਕੁਮਾਰ ਅਤੇ ਗੁਰਮੇਜ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਇਕ ਨਾਬਾਲਗ ਨੂੰ ਵੀ ਗ੍ਰਿਫਤਾਰ ਕੀਤਾ ਸੀ, ਜਿਸ ਨੇ ਅਪਰਾਧ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਸੀ। ਇਸ ਮੁਲਜ਼ਮ ਖ਼ਿਲਾਫ਼ ਜੁਵੇਨਾਈਲ ਜਸਟਿਸ ਐਕਟ ਤਹਿਤ ਕਾਰਵਾਈ ਕੀਤੀ ਗਈ। ਇਸ ਮਾਮਲੇ ਦਾ ਮੁੱਖ ਮੁਲਜ਼ਮ ਗੌਰਵ ਉਰਫ ਗੋਲੂ ਪੁੱਤਰ ਜ਼ਿਲ੍ਹਾ ਸਿੰਘ ਵਾਸੀ ਪਿੰਡ ਟਹਾਰੀ ਗ੍ਰਿਫ਼ਤਾਰੀ ਤੋਂ ਬਚਣ ਲਈ ਵਿਦੇਸ਼ ਫ਼ਰਾਰ ਹੋ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਦੇ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕੀਤਾ ਸੀ। ਬੀਤੀ 8 ਜੁਲਾਈ ਨੂੰ ਇੰਮੀਗ੍ਰੇਸ਼ਨ ਬਿਊਰੋ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਨਵੀਂ ਦਿੱਲੀ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਗੌਰਵ ਉਰਫ਼ ਗੋਲੂ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ ਅਤੇ ਉਹ ਹਵਾਈ ਅੱਡੇ ‘ਤੇ ਪਹੁੰਚ ਗਿਆ ਹੈ। ਸੂਚਨਾ ਮਿਲਣ ‘ਤੇ ਥਾਣਾ ਬਿਲਾਸਪੁਰ ਦੇ ਏ. ਐਸ. ਆਈ. ਪ੍ਰਵੀਨ ਕੁਮਾਰ ਦੀ ਅਗਵਾਈ ਹੇਠ ਇਕ ਪੁਲਿਸ ਟੀਮ ਦਿੱਲੀ ਹਵਾਈ ਅੱਡੇ ‘ਤੇ ਪਹੁੰਚੀ, ਜਿਸ ਨੇ ਮੁਲਜ਼ਮ ਨੂੰ ਹਿਰਾਸਤ ‘ਚ ਲੈ ਲਿਆ। ਇਸ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ ਉਸ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਇਕ ਹੋਰ ਮੁਲਜ਼ਮ ਅਸਲਮ ਵਾਸੀ ਬਰੇਲੀ ਦੇ ਨਾਂਅ ਦਾ ਜ਼ਿਕਰ ਕੀਤਾ ਸੀ, ਜਿਸ ਨੇ ਉਸ ਨੂੰ ਬਿਲਾਸਪੁਰ ਬੁਲਾਇਆ ਸੀ। ਪੁਲਿਸ ਹੁਣ ਅਸਲਮ ਦੀ ਭਾਲ ਕਰ ਰਹੀ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ‘ਚ ਉਨ੍ਹਾਂ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਨਾਲ ਮੁਲਜ਼ਮ ਸੰਪਰਕ ‘ਚ ਸੀ।