ਰਤੀਆ, 14 ਜੁਲਾਈ (ਬੇਅੰਤ ਕੌਰ ਮੰਡੇਰ)- ਪੰਜਾਬੀ ਅਧਿਆਪਕ ਤੇ ਭਾਸ਼ਾ ਪ੍ਰਮੋਸ਼ਨ ਕਮੇਟੀ ਹਰਿਆਣਾ ਵਲੋਂ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤੋਂ ਪੰਜਾਬੀ ਲੈਕਚਰਾਰ ਵਜੋਂ ਸੇਵਾ ਮੁਕਤ ਹੋਏ ਵੀਰ ਸਿੰਘ ਥਿੰਦ ਦੇ ਸਨਮਾਨ ’ਚ ਸਨਮਾਨ ਸਮਾਰੋਹ ਕਰਵਾਇਆ ਗਿਆ। ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਿੰਸੀਪਲ ਹੰਸਰਾਜ ਵਿਸ਼ੇਸ਼ ਮਹਿਮਾਨ ਸਨ ਜਦਕਿ ਬਲਾਕ ਪ੍ਰਧਾਨ ਜਗਜਤਿੰਦਰ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸੂਬਾ ਕਨਵੀਨਰ ਡਾ. ਨਾਇਬ ਸਿੰਘ ਮੰਡੇਰ ਨੇ ਵੀਰ ਸਿੰਘ ਥਿੰਦ ਦੀ ਅਕਾਦਮਿਕ, ਸਾਹਿਤਕ ਅਤੇ ਸਮਾਜਿਕ ਸੇਵਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਲਗਭਗ 12 ਸਾਲ ਤੇ 6 ਮਹੀਨੇ ਦੀ ਅਧਿਆਪਨ ਸੇਵਾ ਦੌਰਾਨ ਪੂਰੀ ਸ਼ਰਧਾ, ਸਮਰਪਣ ਅਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ। ਉਨ੍ਹਾਂ ਕਈ ਸਾਲਾਂ ਤੱਕ ਸਰਕਾਰੀ ਸਕੂਲ ਕਰੰਡੀ ਦੇ ਮੁਖੀ ਵਜੋਂ ਸੇਵਾ ਨਿਭਾਈ ਅਤੇ 4 ਸਾਲ ਤੱਕ ਸਰਕਾਰੀ ਕੰਨਿਆ ਸਕੂਲ ਰਤੀਆ ਵਿਚ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਅਣਥੱਕ ਮਿਹਨਤ ਕੀਤੀ। ਡਾ. ਮੰਡੇਰ ਨੇ ਕਿਹਾ ਕਿ ਥਿੰਦ ਦਾ ਯੋਗਦਾਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਰਹੇਗਾ। ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਿੰਸੀਪਲ ਹੰਸਰਾਜ ਨੇ ਕਿਹਾ ਕਿ ਅਧਿਆਪਕ ਨਾ ਸਿਰਫ਼ ਵਿਦਿਆਰਥੀਆਂ ਨੂੰ ਸਿੱਖਿਆ ਦਿੰਦਾ ਹੈ ਬਲਕਿ ਸਮਾਜ ਲਈ ਉੱਜਵਲ ਭਵਿੱਖ ਦਾ ਨਿਰਮਾਣ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਵੀਰ ਸਿੰਘ ਥਿੰਦ ਦਾ ਤਜਰਬਾ, ਮਾਰਗਦਰਸ਼ਨ ਤੇ ਪਿਆਰ ਹਮੇਸ਼ਾ ਸੰਸਥਾ ਅਤੇ ਅਧਿਆਪਕ ਭਾਈਚਾਰੇ ਲਈ ਅਨਮੋਲ ਸੰਪਤੀ ਰਹੇਗਾ। ਇਸ ਦੌਰਾਨ ਵੀਰ ਸਿੰਘ ਥਿੰਦ ਨੂੰ ਪ੍ਰਸ਼ੰਸਾ ਪੱਤਰ ਅਤੇ ਸ਼ਾਲ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਜੀਵਨ ਭਰ ਪ੍ਰੇਰਿਤ ਕਰਦਾ ਰਹੇਗਾ। ਨਵੀਂ ਪੈਨਸ਼ਨ ਸਕੀਮ (ਐਨ.ਪੀ.ਐਸ.) ਦਾ ਹਵਾਲਾ ਦਿੰਦਿਆਂ ਕਰਮਚਾਰੀਆਂ ਦੀਆਂ ਪੈਨਸ਼ਨ ਨਾਲ ਸਬੰਧਿਤ ਚਿੰਤਾਵਾਂ ਵੀ ਸਾਂਝੀਆਂ ਕੀਤੀਆਂ। ਸਮਾਗਮ ਦੇ ਅੰਤ ’ਚ ਬਲਾਕ ਪ੍ਰਧਾਨ ਜਗਜਤਿੰਦਰ ਸਿੰਘ ਅਤੇ ਜਨਰਲ ਸਕੱਤਰ ਮਨਜੀਤ ਕੌਰ ਰੰਧਾਵਾ ਨੇ ਮਹਿਮਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਤੋਸ਼ ਥਿੰਦ, ਰੇਸ਼ਮ ਕੌਰ, ਗੁਰਮਨ ਸਿੰਘ, ਜ਼ਿਲ੍ਹਾ ਖਜ਼ਾਨਚੀ ਬੂਟਾ ਸਿੰਘ, ਬਲਾਕ ਖਜ਼ਾਨਚੀ ਹਰਵਿੰਦਰ ਸਿੰਘ, ਓਮ ਪ੍ਰਕਾਸ਼, ਮਨਦੀਪ ਕੌਰ ਆਦਿ ਹਾਜ਼ਰ ਸਨ।
ਪੰਜਾਬੀ ਅਧਿਆਪਕ ਸੰਗਠਨ ਵਲੋਂ ਲੈਕਚਰਾਰ ਵੀਰ ਸਿੰਘ ਥਿੰਦ ਦਾ ਸਨਮਾਨ
ਅਜੀਤ ਡੈਸਕ
15-07-2026