ਟੋਹਾਣਾ, 17 ਜੁਲਾਈ (ਮਨਜੀਤ ਸਿੰਘ)-ਟੋਹਾਣਾ ਦੇ ਰਤੀਆ ਰੋਡ ‘ਤੇ ਚੋਰਾਂ ਨੇ ਇੱਕ ਚਾਹ ਦੇ ਖੋਖੇ ਨੂੰ ਨਿਸ਼ਾਨਾ ਬਣਾਉਂਦਿਆਂ ਰਾਤ ਸਮੇਂ ਟੀਨ ਦੀ ਚਾਦਰ ਕੱਟ ਕੇ ਅੰਦਰ ਦਾਖ਼ਲ ਹੋ ਕੇ ਚਾਹ ਬਣਾਉਣ ਦਾ ਸਾਮਾਨ ਚੋਰੀ ਕਰ ਲਿਆ। ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਚੋਰ ਉਸਦੇ ਚਾਹ ਵਾਲੇ ਖੋਖੇ ਅੰਦਰੋਂ ਗੈਸ ਸਿਲੰਡਰ, ਬਿਸਕੁੱਟਾਂ ਦੇ ਪੈਕੇਟ, ਭੁਜੀਆ, ਮਠੀਆਂ, ਰਸ, ਚਾਹ ਪੱਤੀ, ਖੰਡ ਅਤੇ ਹੋਰ ਖਾਣ-ਪੀਣ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਸਵੇਰੇ ਜਦੋਂ ਉਹ ਦੁਕਾਨ ‘ਤੇ ਪਹੁੰਚਿਆ ਤਾਂ ਟੀਨ ਦੀ ਚਾਦਰ ਕੱਟੀ ਹੋਈ ਦੇਖ ਕੇ ਹੈਰਾਨ ਰਹਿ ਗਿਆ। ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਕੀਮਤੀ ਵਸਤਾਂ ਗਾਇਬ ਸਨ। ਪੀੜਤ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰਕੇ ਚੋਰਾਂ ਦੀ ਜਲਦੀ ਪਛਾਣ ਕਰਕੇ ਸਖ਼ਤ ਕਾਰਵਾਈ ਕਰਨ ਅਤੇ ਚੋਰੀ ਹੋਇਆ ਸਾਮਾਨ ਬਰਾਮਦ ਕਰਨ ਦੀ ਮੰਗ ਕੀਤੀ ਹੈ। ਪੁਲਿਸ ਵਲੋਂ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਗਰੀਬ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾ ਸਕੇ।ਇਲਾਕਾ ਵਾਸੀਆਂ ਨੇ ਕਿਹਾ ਕਿ ਰਤੀਆ ਰੋਡ ‘ਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਦੁਕਾਨਦਾਰਾਂ ਵਿੱਚ ਚਿੰਤਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਅਤੇ ਅਜਿਹੀਆਂ ਘਟਨਾਵਾਂ ‘ਤੇ ਅੰਕੁਸ਼ ਲਗਾਉਣ ਦੀ ਮੰਗ ਕੀਤੀ।