ਜਲੰਧਰ, 23 ਜੁਲਾਈ (ਜਸਪਾਲ ਸਿੰਘ)-ਸ਼ਹਿਰ ’ਚ ਨਿੱਤ ਲੱਗਣ ਵਾਲੇ ਜਾਮ ਨੇ ਜ਼ਿੰਦਗੀ ਦੀ ਰਫ਼ਤਾਰ ਨੂੰ ਮੱਧਮ ਕਰਕੇ ਰੱੋਖ ਦਿੱਤਾ ਹੈ। ਸ਼ਹਿਰ ਦੇ ਸਾਰੇ ਹੀ ਪ੍ਰਮੁੱਖ ਚੌਰਾਹਿਆਂ ’ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ, ਜਿਸ ਕਾਰਨ ਲੋਕਾਂ ਨੂੰ ਆਪਣੀ ਮੰਜ਼ਿਲ ’ਤੇ ਸਮੇਂ ਸਿਰ ਪਹੁੰਚਣ ’ਚ ਦੇਰੀ ਹੀ ਨਹੀਂ ਹੁੰਦੀ ਬਲਕਿ ਅਨੇਕਾਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਖਾਸ ਤੌਰ ’ਤੇ ਅੱਜ ਕੱਲ੍ਹ ਬਰਸਾਤ ਦਾ ਮੌਸਮ ਹੋਣ ਕਾਰਨ ਦੁਪਹੀਆ ਵਾਹਨ ਚਾਲਕ ਵੀ ਜ਼ਿਆਦਾਤਰ ਗੱਡੀਆਂ ਦੀ ਵਰਤੋਂ ਕਰਨ ਨੂੰ ਪਹਿਲ ਦਿੰਦੇ ਹਨ, ਜਿਸ ਕਾਰਨ ਸੜਕਾਂ ’ਤੇ ਕਾਰਾਂ ਤੇ ਹੋਰਨਾਂ ਵਾਹਨਾਂ ਦੀ ਗਿਣਤੀ ਕਾਫ਼ੀ ਵਧ ਜਾਂਦੀ ਹੈ, ਪਰ ਟਰੈਫਿਕ ਪੁਲਿਸ ਵਲੋਂ ਇਸ ਵਧੀ ਹੋਈ ਟਰੈਫਿਕ ਦੇ ਹਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ ਤੇ ਲੋਕਾਂ ਨੂੰ ਟਰੈਫਿਕ ਲਾਈਟਾਂ ਦੇ ਸਹਾਰੇ ਹੀ ਛੱਡ ਦਿੱਤਾ ਜਾਂਦਾ ਹੈ, ਜਦਕਿ ਗੱਡੀਆਂ ਦੀ ਗਿਣਤੀ ਬਰਸਾਤ ਦੇ ਮੌਸਮ ’ਚ ਜ਼ਿਆਦਾ ਹੋਣ ਕਾਰਨ ਵੱਖ-ਵੱਖ ਚੌਂਕਾਂ ’ਚ ਲੱਗੀਆਂ ਲਾਈਟਾਂ ’ਤੇ ਹੀ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਜਿਸ ਕਾਰਨ ਵਿਦਿਆਰਥੀਆਂ, ਬਿਮਾਰਾਂ, ਬਜ਼ੁਰਗਾਂ ’ਤੇ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਓਧਰ ਦੂਸਰੇ ਪਾਸੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਲੋਕਾਂ ਦੇ ਚਾਲਾਨ ਤੇ ਟਰੈਫਿਕ ਪੁਲਿਸ ਵਲੋਂ ਮੌਕੇ ’ਤੇ ਹੀ ਕੱਟ ਦਿੱਤੇ ਜਾਂਦੇ ਹਨ ਤੇ ਹੁਣ ਤਾਂ ਈ-ਚਾਲਾਨ ਵੀ ਕੀਤੇ ਜਾਣ ਲੱਗੇਹਨ ਪਰ ਜਾਮ ’ਚ ਫਸੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਸ਼ਾਇਦ ਪੁਲਿਸ ਕੋਲ ਵੀ ਨਹੀਂ ਹੈ। ਨਕੋਦਰ ਚੌਂਕ ਤੋਂ ਲੈ ਕੇ ਕਪੂਰਥਲਾ ਚੌਂਕ ਤੇ ਫਿਰ ਵਰਕਸ਼ਾਪ ਤੋਂ ਲੈ ਕੇ ਸ਼ਹਿਰ ਦੇ ਅੰਦਰੂਨੀ ਹਿਸਿਆਂ ਅਤੇ ਲੰਮਾ ਪਿੰਡ ਤੋਂ ਲੈ ਕੇ ਪਠਾਨਕੋਟ ਚੌਂਕ ਤੱਕ ਲੱਗਣ ਵਾਲੇ ਜਾਮ ਨਾਲ ਲੋਕਾਂ ਨੂੰ ਹਰ ਰੋਜ਼ ਜੂਝਣਾ ਪੈਂਦਾ ਹੈ। ਇਸੇ ਤਰ੍ਹਾਂ ਹੁਣ ਪੀ. ਏ. ਪੀ. ਚੌਂਕ ਤੋਂ ਲੈ ਕੇ ਬੀ. ਐੱਸ. ਐੱਫ. ਚੌਕ ਤੱਕ ਅੱਧਾ ਕਿਲੋਮੀਟਰ ਦਾ ਰਸਤਾ ਵੀ ਨਵਾਂ ਟਰੈਫਿਕ ਜਾਮ ਦੀ ਗੜ੍ਹ ਬਣਦਾ ਜਾ ਰਿਹਾ ਹੈ ਤੇ ਇੱਥੇ ਅਕਸਰ ਲੱਗਮ ਵਾਲਾ ਲੰਬਾ ਜਾਮ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੈ। ਇਨ੍ਹਾਂ ਸਾਰੇ ਚੌਕਾਂ ’ਤੇ ਲੱਗਣ ਵਾਲੇ ਜਾਮ ਨਾਲ ਲੋਕਾਂ ਦੇ ਸਮੇਂ ਤੇ ਪੈਸੇ ਦੀ ਬਰਬਾਦੀ ਤਾਂ ਹੁੰਦੀ ਹੀ ਹੈ, ਸਗੋਂ ਕਈ ਵਾਰ ਤਾਂ ਉਹ ਸਮੇਂ ਸਿਰ ਮੰਜ਼ਿਲ ’ਤੇ ਪਹੁੰਚਣ ਤੋਂ ਵੀ ਖੁੰਝ ਜਾਂਦੇ ਹਨ ਤੇ ਉਨ੍ਹਾਂ ਨੂੰ ਇਸ ਦਾ ਭਾਰੀ ਨੁਕਸਾਨ ਵੀ ਉਠਾਉਣਾ ਪੈਂਦਾ ਹੈ। ਖਾਸ ਕਰਕੇ ਐਮਰਜੈਂਸੀ ਦੀ ਹਾਲਤ ’ਚ ਮਰੀਜ਼ਾਂ ਨੂੰ ਹਸਪਤਾਲ ਜਾਣ ’ਚ ਦੇਰੀ ਹੋਣ ਹੋਣ ਦੇ ਨਾਲ-ਨਾਲ ਨੌਕਰੀਆਂ ਲਈ ਇੰਟਰਵਿਊ ਆਦਿ ਦੇਣ ਜਾਣ ਵਾਲੇ ਨੌਜਵਾਨ ਲੜਕੇ-ਲੜਕੀਆਂ ਤੇ ਵਿਦਿਆਰਥੀਆਂ ਤੋਂ ਇਲਾਵਾ ਕੰਮਾਂ-ਕਾਰਾਂ ’ਤੇ ਜਾਣ ਵਾਲੇ ਵਿਅਕਤੀ ਵੀ ਦੇਰੀ ਨਾਲ ਆਪਣੀ ਮੰਜ਼ਿਲ ’ਤੇ ਪੁੱਜਦੇ ਹਨ । ਹਾਲਾਂਕਿ ਸ਼ਹਿਰ ’ਚ ਟਰੈਫਿਕ ਵਧਣ ਦੇ ਕਈ ਕਾਰਨ ਹਨ ਪਰ ਇਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਹਰ ਸਾਲ ਸੜਕਾਂ ’ਤੇ ਗੱਡੀਆਂ ਦੀ ਗਿਣਤੀ ’ਚ ਵਾਧਾ ਹੋਣਾ ਹੈ, ਜਦਕਿ ਸੜਕਾਂ ਦੀ ਚੌੜਾਈ ਸੀਮਤ ਹੋਣ ਕਾਰਨ ਲੰਬੇ-ਲੰਬੇ ਜਾਮ ਲੱਗਣੇ ਸੁਭਾਵਿਕ ਹਨ। ਇਸੇ ਤਰ੍ਹਾਂ ਪਠਾਨਕੋਟ ਚੌਂਕ ਤੇ ਨਕੋਦਰ ਚੌਂਕ ’ਚ ਸੜਕਾਂ ਦੀ ਚੌੜਾਈ ਘੱਟ ਹੋਣ ਕਾਰਨ ਟਰੈਫਿਕ ਲਾਈਟਾਂ ਇੱਥੇ ਕਈ ਬਹੁਤੀਆਂ ਕਾਰਗਰ ਸਾਬਤ ਨਹੀਂ ਹੋ ਰਹੀਆਂ। ਚਾਹੀਦਾ ਤਾਂ ਇਹ ਹੈ ਕਿ ਇਨ੍ਹਾਂ ਚੌਂਕਾਂ ’ਤੇ ਈ-ਚਾਲਾਨ ਕੱਟਣ ਤੋਂ ਪਹਿਲਾਂ ਟਰੈਫਿਕ ਪੁਲਿਸ ਸਿਵਲ ਪ੍ਰਸ਼ਾਸ਼ਨ ਨਾਲ ਮਿਲ ਕੇ ਸੜਕਾਂ ਦੀ ਚੌੜਾਈ ਨੂੰ ਵਧਾਉਂਦੀ ਪਰ ਅਜਿਹਾ ਨਹੀਂ ਕੀਤਾ ਗਿਆ ਤੇ ਕੇਵਲ ਲੋਕਾਂ ਨੂੰ ਟਰੈਫਿਕ ਲਾਈਟਾਂ ਦੇ ਆਸਰੇ ਛੱਡ ਦਿੱਤਾ ਗਿਆ ਹੈ। ਜਦਕਿ ਨਕੋਦਰ ਚੌਂਕ ਤੇ ਪਠਾਨਕੋਟ ਚੌਂਕ ਦੋ ਅਜਿਹੇ ਚੌਂਕ ਹਨ, ਜਿੱਥੇ ਛੋਟੇ ਵਾਹਨਾਂ ਦੇ ਨਾਲ-ਨਾਲ ਬੱਸਾਂ ਤੇ ਟਰੱਕਾਂ ਆਦਿ ਭਾਰੀ ਵਾਹਨਾਂ ਦੀ ਵੀ ਆਵਾਜਾਈ ਅਕਸਰ ਰਹਿੰਦੀ ਹੈ, ਜਿਸ ਕਾਰਨ ਟਰੈਫਿਕ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਅਜਿਹੇ ’ਚ ਟਰੈਫਿਕ ਨਿਯਮ ਸਖਤੀ ਨਾਲ ਲਾਗੂ ਕਰਨ ਦੀ ਬਜਾਏ ਸਭ ਤੋਂ ਪਹਿਲਾਂ ਗੁਰੂ ਨਾਨਕ ਮਿਸ਼ਨ ਚੌਂਕ ਦੀ ਤਰ੍ਹਾਂ ਸਾਰੇ ਚੌਂਕਾਂ ਨੂੰ ਚੌੜਾ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ ਤੇ ਇਸ ਦੇ ਨਾਲ ਹੀ ਇਨ੍ਹਾਂ ਚੌਂਕਾਂ ’ਚ ਟਰੈਫਿਕ ਸੁਧਾਰ ਲਈ ਹੋਰ ਜ਼ਰੂਰੀ ਕਦਮ ਵੀ ਚੁੱਕੇ ਜਾਣੇ ਚਾਹੀਦੇ ਹਨ, ਤਾਂ ਜੋ ਸ਼ਹਿਰ ’ਚ ਲੱਗਣ ਵਾਲੇ ਜਾਮ ਤੋਂ ਲੋਕਾਂ ਨੂੰ ਛੁਟਕਾਰਾ ਮਿਲ ਸਕੇ।