ਕਾਲਾਂਵਾਲੀ ’ ਚ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ’ ਚ ਕੱਢੀ ਗਈ ਤਿਰੰਗਾ ਯਾਤਰਾ
ਕਾਲਾਂਵਾਲੀ/ਸਿਰਸਾ, 12 ਅਗਸਤ (ਭੁਪਿੰਦਰ ਪੰਨੀਵਾਲੀਆ)- ਮੰਡੀ ਕਾਲਾਂਵਾਲੀ ਵਿਖੇ ਡੱਬਵਾਲੀ ਦੀ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਕੱਢੀ ਗਈ। ਇਸ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਹੱਥਾਂ ਵਿੱਚ ਤਿਰੰਗੇ ਝੰਡੇ ਲੈ ਕੇ ਇਸ ਯਾਤਰਾ ਵਿੱਚ ਸ਼ਮੂਲੀਅਤ ਕੀਤੀ।
ਕਾਲਾਂਵਾਲੀ/ਸਿਰਸਾ, 12 ਅਗਸਤ (ਭੁਪਿੰਦਰ ਪੰਨੀਵਾਲੀਆ)- ਮੰਡੀ ਕਾਲਾਂਵਾਲੀ ਵਿਖੇ ਡੱਬਵਾਲੀ ਦੀ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਕੱਢੀ ਗਈ। ਇਸ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਹੱਥਾਂ ਵਿੱਚ ਤਿਰੰਗੇ ਝੰਡੇ ਲੈ ਕੇ ਇਸ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਇਹ ਯਾਤਰਾ ਪੰਜਾਬ ਨੈਸ਼ਨਲ ਬੈਂਕ ਕੋਲੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਮਾਰਕੀਟ ਵਿਖੇ ਸਮਾਪਤ ਹੋਈ। ਇਸ ਮੌਕੇ ’ਤੇ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਨੇ ਕਿਹਾ ਕਿ ਅੱਜ ਦਾ ਦਿਨ ਸਿਰਫ਼ ਇੱਕ ਸਮਾਗਮ ਨਹੀਂ ਸਗੋਂ ਦੇਸ਼ ਭਗਤੀ ਅਤੇ ਕੁਰਬਾਨੀ ਦੇ ਜਜ਼ਬੇ ਨੂੰ ਉਜਾਗਰ ਕਰਨ ਦਾ ਮੌਕਾ ਹੈ। ਅਸੀਂ ਇੱਥੇ ਤਿਰੰਗਾ ਯਾਤਰਾ ਰਾਹੀਂ ਉਨ੍ਹਾਂ ਮਹਾਨ ਸਪੂਤਾਂ ਨੂੰ ਸਲਾਮ ਕਰਨ ਲਈ ਇਕੱਠੇ ਹੋਏ ਹਾਂ ਜਿਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਬਲੀਦਾਨ ਦਿੱਤਾ। ਉਨ੍ਹਾਂ ਕਿਹਾ ਕਿ ਤਿਰੰਗਾ ਲਹਿਰਾਉਣ ਦੀ ਮੁਹਿੰਮ ਨੂੰ ਲੈ ਕੇ ਹਰ ਘਰ ਵਿੱਚ ਵਿਸ਼ੇਸ਼ ਉਤਸ਼ਾਹ ਦੇਖਿਆ ਜਾ ਰਿਹਾ ਹੈ। ਵੱਖ-ਵੱਖ ਪਿੰਡਾਂ ’ਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ, ਜਿਸ ’ਚ ਪਿੰਡ ਵਾਸੀ, ਨੌਜਵਾਨ, ਵਿਦਿਆਰਥੀ, ਪੰਚਾਇਤੀ ਨੁਮਾਇੰਦੇ ਅਤੇ ਵੱਖ-ਵੱਖ ਵਰਗਾਂ ਦੇ ਲੋਕ ਹੱਥਾਂ ’ਚ ਤਿਰੰਗਾ ਲੈ ਕੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਤਿਰੰਗਾ ਯਾਤਰਾਵਾਂ ਰਾਹੀਂ ਪਿੰਡ ਵਾਸੀਆਂ ਨੂੰ ਰਾਸ਼ਟਰੀ ਝੰਡੇ ਦੇ ਸਤਿਕਾਰ, ਰਾਸ਼ਟਰੀ ਏਕਤਾ ਅਤੇ ਦੇਸ਼ ਭਗਤੀ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਇਸ ਮੌਕੇ ਭਾਜਪਾ ਆਗੂ ਸਤੀਸ਼ ਜੱਗਾ, ਚਰਨਦਾਸ ਚੰਨੀ, ਮਾਰਕੀਟ ਕਮੇਟੀ ਚੇਅਰਮੈਨ ਸਤਪਾਲ ਸ਼ਰਮਾ, ਨਗਰ ਕੌਂਸਲਰ ਹਰਵਿੰਦਰ ਸਿੰਘ, ਪੂਰਨ ਨਾਗਰ, ਸਤਿੰਦਰ ਗਰਗ ਔਢਾਂ, ਹਰਵਿੰਦਰ ਸਿੰਘ ਰੋੜੀ, ਨਛੱਤਰ ਸਿੰਘ, ਵਿਨੋਦ ਸ਼ਰਮਾ, ਹਰਜਸ ਸਿੰਘ, ਸੰਨੀ ਕੁਮਾਰ, ਹਰਭਜਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।