ਸ਼ਹਿਰ ’ ਚ ਥਾਂ - ਥਾਂ ਲੱਗੇ ਕੂੜੇ ਦੇ ਢੇਰ , ਬਿਮਾਰੀ ਅਤੇ ਪਸ਼ੂ - ਪੰਛੀਆਂ ਲਈ ਵਧਿਆ ਖ਼ਤਰਾ - ਸਮਾਜ ਸੇਵੀ ਨਵਜੋਤ ਸਿੰਘ ਢਿੱਲੋਂ
ਟੋਹਾਣਾ, 19 ਅਗਸਤ (ਮਨਜੀਤ ਸਿੰਘ) - ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ ਅਤੇ ਮੁੱਖ ਸੜਕਾਂ ’ਤੇ ਥਾਂ-ਥਾਂ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ। ਲੰਮੇ ਸਮੇਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਗਿੱਲੇ ਕੂੜੇ ਵਿੱਚ ਕੀੜੇ ਪੈਣ ਲੱਗ ਪਏ ਹਨ, ਜਦਕਿ ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਵੀ ਵਧਦੀ ਜਾ ਰਹੀ ਹੈ।
ਟੋਹਾਣਾ, 19 ਅਗਸਤ (ਮਨਜੀਤ ਸਿੰਘ) - ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ ਅਤੇ ਮੁੱਖ ਸੜਕਾਂ ’ਤੇ ਥਾਂ-ਥਾਂ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ। ਲੰਮੇ ਸਮੇਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਗਿੱਲੇ ਕੂੜੇ ਵਿੱਚ ਕੀੜੇ ਪੈਣ ਲੱਗ ਪਏ ਹਨ, ਜਦਕਿ ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਵੀ ਵਧਦੀ ਜਾ ਰਹੀ ਹੈ। ਇਸ ਕਾਰਨ ਸ਼ਹਿਰ ਵਾਸੀਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਵਧ ਗਈ ਹੈ। ਕੂੜੇ ਦੇ ਇਹ ਢੇਰ ਹੁਣ ਸਿਰਫ਼ ਸ਼ਹਿਰ ਦੀ ਸਫ਼ਾਈ ਵਿਵਸਥਾ ਲਈ ਹੀ ਸਮੱਸਿਆ ਨਹੀਂ ਬਣੇ, ਸਗੋਂ ਬੇਜ਼ੁਬਾਨ ਪਸ਼ੂਆਂ ਅਤੇ ਹੋਰ ਜੀਵ-ਜੰਤੂਆਂ ਲਈ ਵੀ ਵੱਡਾ ਖ਼ਤਰਾ ਬਣਦੇ ਜਾ ਰਹੇ ਹਨ। ਖਾਣੇ ਦੀ ਭਾਲ ਵਿੱਚ ਗਊਆਂ, ਕੁੱਤੇ ਅਤੇ ਹੋਰ ਆਵਾਰਾ ਪਸ਼ੂ ਕੂੜੇ ਦੇ ਢੇਰਾਂ ਵਿੱਚ ਮੂੰਹ ਮਾਰਦੇ ਹਨ ਅਤੇ ਕਈ ਵਾਰ ਪਲਾਸਟਿਕ ਸਮੇਤ ਹੋਰ ਹਾਨੀਕਾਰਕ ਸਮੱਗਰੀ ਵੀ ਖਾ ਲੈਂਦੇ ਹਨ। ਇਸ ਨਾਲ ਪਸ਼ੂਆਂ ਦੇ ਬਿਮਾਰ ਹੋਣ ਜਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਸਮਾਜ ਸੇਵੀ ਅਤੇ ਐੱਸ.ਪੀ.ਸੀ.ਏ. ਮੈਂਬਰ ਨਵਜੋਤ ਸਿੰਘ ਢਿੱਲੋਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਸਫ਼ਾਈ ਵਿਵਸਥਾ ਮੁੜ ਆਮ ਨਹੀਂ ਹੁੰਦੀ, ਉਦੋਂ ਤੱਕ ਆਪਣੇ ਘਰਾਂ ਦਾ ਕੂੜਾ ਖੁੱਲ੍ਹੇ ਵਿੱਚ ਸੜਕਾਂ ਜਾਂ ਗਲੀਆਂ ਵਿੱਚ ਨਾ ਸੁੱਟਣ। ਉਨ੍ਹਾਂ ਕਿਹਾ ਕਿ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਿਆ ਜਾਵੇ ਅਤੇ ਕੂੜੇ ਨੂੰ ਪਸ਼ੂਆਂ ਦੀ ਪਹੁੰਚ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ। ਨਵਜੋਤ ਸਿੰਘ ਢਿੱਲੋਂ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਫ਼ਾਈ ਕਰਮਚਾਰੀਆਂ ਵਿਚਕਾਰ ਚੱਲ ਰਹੇ ਮਸਲੇ ਦਾ ਜਲਦ ਤੋਂ ਜਲਦ ਹੱਲ ਕੱਢਿਆ ਜਾਣਾ ਚਾਹੀਦਾ ਹੈ, ਤਾਂ ਜੋ ਸ਼ਹਿਰ ਵਿੱਚ ਮੁੜ ਸਫ਼ਾਈ ਵਿਵਸਥਾ ਬਹਾਲ ਹੋ ਸਕੇ। ਇਸ ਦੇ ਨਾਲ ਹੀ ਆਮ ਲੋਕਾਂ ਦੇ ਨਾਲ-ਨਾਲ ਬੇਜ਼ੁਬਾਨ ਪਸ਼ੂ-ਪੰਛੀਆਂ ਨੂੰ ਵੀ ਕਿਸੇ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਸਿਰਫ਼ ਪ੍ਰਸ਼ਾਸਨ ਦੀ ਹੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਕੂੜਾ ਖੁੱਲ੍ਹੇ ਵਿੱਚ ਸੁੱਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।