ਕਿਸਾਨ ਮੇਲੇ ਵਿਚ ਗੁਲਾਬੀ ਸੁੰਡੀ ਤੋਂ ਬਚਾਅ ਦੇ ਦੱਸੇ ਤਰੀਕੇ ਕਪਾਹ ਦੀ ਪੈਦਾਵਾਰ ਵਧਾਉਣ ’ਤੇ ਮੰਥਨ
ਡੱਬਵਾਲੀ, 19 ਅਗਸਤ (ਇਕਬਾਲ ਸਿੰਘ ਸ਼ਾਂਤ)- ਇੱਥੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਵੀਂ ਦਾਣਾ ਮੰਡੀ ਵਿਖੇ ਸਬ ਡਵੀਜਨ ਪੱਧਰੀ ਕਿਸਾਨ ਮੇਲਾ ਗਰਵਾਇਆ ਗਿਆ। ਮੇਲੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ।
ਡੱਬਵਾਲੀ, 19 ਅਗਸਤ (ਇਕਬਾਲ ਸਿੰਘ ਸ਼ਾਂਤ)- ਇੱਥੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਵੀਂ ਦਾਣਾ ਮੰਡੀ ਵਿਖੇ ਸਬ ਡਵੀਜਨ ਪੱਧਰੀ ਕਿਸਾਨ ਮੇਲਾ ਗਰਵਾਇਆ ਗਿਆ। ਮੇਲੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ। ਖੇਤੀ ਮਾਹਿਰਾਂ ਨੇ ਕਪਾਹ ਦੀ ਫਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਦੇ ਨਾਲ ਪੈਦਾਵਾਰ ਵਧਾਉਣ ਦੇ ਵਿਗਿਆਨਕ ਤਰੀਕੇ ਦੱਸੇ। ਖੇਤੀਬਾੜੀ ਵਿਭਾਗ ਦੇ ਸੰਯੁਕਤ ਨਿਰਦੇਸ਼ਕ (ਕਪਾਹ) ਡਾ. ਆਤਮਾ ਰਾਮ ਗੋਦਾਰਾ ਨੇ ਕਿਸਾਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਹਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਉਣੀ ਫਸਲ ਦੇ ਬਿਹਤਰ ਪ੍ਰਬੰਧਨ ਲਈ ਕਿਸਾਨ ਖੇਤੀਬਾੜੀ ਅਧਿਕਾਰੀਆਂ ਅਤੇ ਵਿਗਿਆਨੀਆਂ ਦੇ ਸੰਪਰਕ ਵਿੱਚ ਰਹਿਣ, ਤਾਂ ਜੋ ਫਸਲ ਵਿੱਚ ਸਮੱਸਿਆ ਆਉਣ ‘ਤੇ ਸਮੇਂ ਸਿਰ ਤਕਨੀਕੀ ਸਲਾਹ ਮਿਲ ਸਕੇ। ਕਪਾਹ ਖੋਜ ਕੇਂਦਰ ਸਿਰਸਾ ਦੇ ਵਿਗਿਆਨੀ ਡਾ. ਅਮਰਪ੍ਰੀਤ ਸਿੰਘ ਨੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਪ੍ਰਤੀ ਏਕੜ ਦੋ ਫੇਰੋਮੋਨ ਟਰੈਪ ਲਗਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਕੀਟਨਾਸ਼ਕਾਂ ਦੀ ਵਰਤੋਂ ਯੂਨੀਵਰਸਿਟੀ ਦੀ ਸਿਫਾਰਸ਼ ਅਨੁਸਾਰ ਹੀ ਕੀਤੀ ਜਾਵੇ। ਆਗਾਮੀ ਇੱਕ ਮਹੀਨੇ ਵਿੱਚ ਐਨਪੀਕੇ 1 3:0:45 ਦੇ ਦੋ ਤੋਂ ਤਿੰਨ ਛਿੜਕਾਅ ਕਰਨ ਦੀ ਵੀ ਸਲਾਹ ਦਿੱਤੀ ਗਈ। ਖੇਤੀ ਵਿਗਿਆਨ ਕੇਂਦਰ ਦੇ ਡਾ. ਦੇਵਿੰਦਰ ਜਾਖੜ ਨੇ ਮਿੱਟੀ ਤੇ ਪਾਣੀ ਦੀ ਜਾਂਚ ਦੇ ਆਧਾਰਤ ਸੰਤੁਲਿਤ ਪੋਸ਼ਣ ਪ੍ਰਬੰਧਨ ਅਪਣਾਉਣ ‘ਤੇ ਜ਼ੋਰ ਦਿੱਤਾ। ਸਬ ਡਵੀਜਨ ਖੇਤੀਬਾੜੀ ਅਧਿਕਾਰੀ ਡੱਬਵਾਲੀ ਡਾ. ਅਮਿਤ ਸ਼ਰਮਾ ਨੇ ਦੇਸੀ ਕਪਾਹ ‘ਤੇ 4 ਹਜ਼ਾਰ ਰੁਪਏ ਪ੍ਰਤੀ ਏਕੜ ਹੌਂਸਲਾ ਅਫ਼ਜਾਈ ਰਾਸ਼ੀ ਅਤੇ ਆਈਐਨਐਮ-ਆਈਪੀਐਮ ਤਹਿਤ 2 ਹਜ਼ਾਰ ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਦੀ ਜਾਣਕਾਰੀ ਦਿੱਤੀ। ਇਸ ਮੌਕੇ ਗੁਰਦੀਪ ਕਾਮਰਾ, ਡਾ. ਦੀਪਕ ਮਿਰਧਾ, ਡਾ. ਸੁਰੇਸ਼ ਕੁਮਾਰ, ਡਾ. ਸੁਖਵਿੰਦਰ ਸਿੰਘ ਸਮੇਤ ਵਿਭਾਗੀ ਅਧਿਕਾਰੀ ਤੇ ਆਤਮਾ ਸਟਾਫ ਮੌਜੂਦ ਰਿਹਾ।