ਸਮਾਨਾਂਤਰ ਬਿਜਲੀ ਲਾਇਸੈਂਸ ਖ਼ਿਲਾਫ਼ ਮੁਲਾਜ਼ਮਾਂ ਦਾ ਦੋ ਘੰਟੇ ਧਰਨਾ, ਦਸਤਾਵੇਜ਼ਾਂ ਦੀਆਂ ਕਾਪੀਆਂ ਸਾੜੀਆਂ
ਡੱਬਵਾਲੀ, 31 ਅਗਸਤ (ਇਕਬਾਲ ਸਿੰਘ ਸ਼ਾਂਤ)-ਨਿੱਜੀ ਕੰਪਨੀ ਨੂੰ ਸਮਾਨਾਂਤਰ ਬਿਜਲੀ ਵੰਡ ਲਾਇਸੈਂਸ ਦੇਣ ਦੀ ਸਰਕਾਰੀ ਕਵਾਇਦ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਨੇ ਅੱਜ ਇਥੇ ਬਿਜਲੀ ਨਿਗਮ ਦਫ਼ਤਰ ਮੂਹਰੇ ਦੋ ਘੰਟੇ ਧਰਨਾ ਲਾ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਲਾਏ ਧਰਨੇ ਦੌਰਾਨ ਮੁਲਾਜ਼ਮਾਂ ਨੇ ਸਮਾਨਾਂਤਰ ਲਾਇਸੈਂਸ ਨਾਲ ਸਬੰਧਤ ਕਾਗਜ਼ਾਂ ਦੀਆਂ ਕਾਪੀਆਂ ਵੀ ਸਾੜੀਆਂ।
ਅਜੀਤ ਡੈਸਕ
01-09-2026
ਧਰਨੇ ਦੀ ਅਗਵਾਈ ਐੱਚਐੱਸਈਬੀ ਯੂਨੀਅਨ ਦੇ ਸਬ-ਯੂਨਿਟ ਪ੍ਰਧਾਨ ਰਵਿੰਦਰ ਮੋਟਨ, ਸਕੱਤਰ ਸਿਮਰ ਬਰਾੜ ਅਤੇ ਏਐੱਚਪੀਸੀਡਬਲਿਊ ਯੂਨੀਅਨ ਦੇ ਸਬ-ਯੂਨਿਟ ਪ੍ਰਧਾਨ ਰਾਜਕਰਨ ਤੇ ਸਕੱਤਰ ਸਤਨਾਮ ਸਿੰਘ ਨੇ ਕੀਤੀ। ਧਰਨੇ 'ਚ ਵੱਡੀ ਗਿਣਤੀ ਬਿਜਲੀ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਮੁਲਾਜ਼ਮਾਂ ਨੇ ਨਿੱਜੀਕਰਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਮਾਨਾਂਤਰ ਵੰਡ ਲਾਇਸੈਂਸ ਦੀ ਕਵਾਇਦ ਤੁਰੰਤ ਰੋਕਣ ਦੀ ਮੰਗ ਕੀਤੀ।
ਬਿਜਲੀ ਮੁਲਾਜ਼ਮ ਆਗੂਆਂ ਮਨੋਜ ਸ਼ਰਮਾ, ਸੰਜੇ ਤਨੇਜਾ, ਸੁਰੇਸ਼ ਕੜਵਾਸਰਾ, ਉਮੇਸ਼, ਚਰਨਦੀਪ, ਦਿਆਰਾਮ, ਸੁਨੀਲ, ਸਤੀਸ਼ ਤੇ ਨਰਿੰਦਰ ਨੇ ਆਖਿਆ ਕਿ 10 ਅਗਸਤ ਨੂੰ ਬਿਜਲੀ ਮੰਤਰੀ ਨਾਲ ਹੋਈ ਗੱਲਬਾਤ ਮਗਰੋਂ ਸਰਕਾਰ ਵੱਲੋਂ ਲਿਖਤੀ ਭਰੋਸਾ ਦਿੱਤੇ ਜਾਣ 'ਤੇ ਮੁਲਾਜ਼ਮਾਂ ਨੇ ਆਪਣਾ ਸੰਘਰਸ਼ ਮੁਲਤਵੀ ਕਰ ਦਿੱਤਾ ਸੀ। ਹੁਣ ਇਸ ਦੇ ਬਾਵਜੂਦ ਸਮਾਨਾਂਤਰ ਲਾਇਸੈਂਸ ਦੀ ਕਵਾਇਦ ਅਗਾਂਹ ਵਧਾਈ ਜਾ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ 'ਚ ਭਾਰੀ ਰੋਸ ਹੈ। ਉਨ੍ਹਾਂ ਆਖਿਆ ਕਿ ਸਰਕਾਰ ਨੇ ਦਿੱਤੇ ਭਰੋਸੇ ਤੋਂ ਪਿੱਛੇ ਹਟ ਕੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ।
ਆਗੂਆਂ ਮੁਤਾਬਕ ਗੁਰੂਗ੍ਰਾਮ ਅਤੇ ਨੂਹ 'ਚ ਨਿੱਜੀ ਕੰਪਨੀ ਨੂੰ ਸਮਾਨਾਂਤਰ ਬਿਜਲੀ ਵੰਡ ਲਾਇਸੈਂਸ ਦੇਣ ਦੀ ਕਵਾਇਦ ਚੱਲ ਰਹੀ ਹੈ। ਇਸ ਨਾਲ ਸਰਕਾਰੀ ਬਿਜਲੀ ਨਿਗਮਾਂ ਦੀ ਆਮਦਨ ਨੂੰ ਵੱਡਾ ਖੋਰਾ ਲੱਗੇਗਾ। ਉਨ੍ਹਾਂ ਆਖਿਆ ਕਿ ਵੱਧ ਆਮਦਨ ਦੇਣ ਵਾਲੇ ਸਨਅਤੀ ਅਤੇ ਵਪਾਰਕ ਖਪਤਕਾਰ ਜੇ ਨਿੱਜੀ ਕੰਪਨੀ ਕੋਲ ਚਲੇ ਗਏ ਤਾਂ ਸਰਕਾਰੀ ਨਿਗਮਾਂ ਦੀ ਆਮਦਨ ਘਟੇਗੀ ਅਤੇ ਇਸ ਦਾ ਸਿੱਧਾ ਅਸਰ ਪੇਂਡੂ ਅਤੇ ਖੇਤੀਬਾੜੀ ਖਪਤਕਾਰਾਂ ਨੂੰ ਮਿਲ ਰਹੀ ਕਰਾਸ-ਸਬਸਿਡੀ 'ਤੇ ਪਵੇਗਾ।
ਬੁਲਾਰਿਆਂ ਨੇ ਆਖਿਆ ਕਿ ਸਮਾਨਾਂਤਰ ਲਾਇਸੈਂਸ ਦਾ ਮਸਲਾ ਸਿਰਫ਼ ਬਿਜਲੀ ਮੁਲਾਜ਼ਮਾਂ ਦਾ ਨਹੀਂ, ਸਗੋਂ ਕਿਸਾਨਾਂ ਅਤੇ ਆਮ ਬਿਜਲੀ ਖਪਤਕਾਰਾਂ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਇਹ ਕਵਾਇਦ ਬੰਦ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਬਿਜਲੀ ਮੁਲਾਜ਼ਮ ਤੇ ਇੰਜੀਨੀਅਰ ਪਹਿਲਾਂ ਵੀ ਸਮਾਨਾਂਤਰ ਲਾਇਸੈਂਸ, ਐਗਰੀ ਡਿਸਕੌਮ ਤੇ ਸਮਾਰਟ ਮੀਟਰਿੰਗ ਖ਼ਿਲਾਫ਼ ਮੈਦਾਨ 'ਚ ਉਤਰ ਚੁੱਕੇ ਹਨ। ਚਾਰ ਪ੍ਰਮੁੱਖ ਬਿਜਲੀ ਮੁਲਾਜ਼ਮ ਜਥੇਬੰਦੀਆਂ ਨੇ ਜੁਲਾਈ 'ਚ ਸਾਂਝਾ ਸੰਘਰਸ਼ ਮੋਰਚਾ ਕਾਇਮ ਕਰਕੇ ਇਨ੍ਹਾਂ ਮੁੱਦਿਆਂ ਖ਼ਿਲਾਫ਼ ਲੜਾਈ ਨੂੰ ਅੱਗੇ ਤੋਰਨ ਦਾ ਐਲਾਨ ਕੀਤਾ ਸੀ।