ਨਸ਼ਾ ਮੁਕਤ ਹਰਿਆਣਾ ਮੁਹਿੰਮ ਤਹਿਤ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਬਾਇਓਮੈਡੀਕਲ ਵੇਸਟ ਤੇ ਮੈਡੀਕਲ ਸਟੋਰ ਸੰਚਾਲਕਾਂ ਨੂੰ ਦਵਾਈਆਂ ਦੇ ਰੱਖ-ਰਖਾਅ ਸਬੰਧੀ ਕੀਤਾ ਜਾਗਰੂਕ
ਟੋਹਾਣਾ, 5 ਸਤੰਬਰ (ਮਨਜੀਤ ਸਿੰਘ)- ਨਸ਼ਾ ਮੁਕਤ ਹਰਿਆਣਾ ਮੁਹਿੰਮ ਤਹਿਤ ਸਿਵਲ ਹਸਪਤਾਲ ਟੋਹਾਣਾ ਵਿਖੇ ਐੱਸ. ਐੱਮ.
ਟੋਹਾਣਾ, 5 ਸਤੰਬਰ (ਮਨਜੀਤ ਸਿੰਘ)- ਨਸ਼ਾ ਮੁਕਤ ਹਰਿਆਣਾ ਮੁਹਿੰਮ ਤਹਿਤ ਸਿਵਲ ਹਸਪਤਾਲ ਟੋਹਾਣਾ ਵਿਖੇ ਐੱਸ.ਐੱਮ.ਓ. ਡਾ. ਕੁਨਾਲ ਵਰਮਾ ਦੀ ਅਗਵਾਈ ਹੇਠ ਇਲਾਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੰਮ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਅਤੇ ਮੈਡੀਕਲ ਸਟੋਰਾਂ ਦੇ ਸੰਚਾਲਕਾਂ ਨਾਲ ਜਾਗਰੂਕਤਾ ਮੀਟਿੰਗ ਕੀਤੀ ਗਈ। ਇਸ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸੂਈਆਂ-ਸਰਿੰਜਾਂ ਤੇ ਬਾਇਓਮੈਡੀਕਲ ਵੇਸਟ ਦੀ ਸਹੀ ਢੰਗ ਨਾਲ ਸੰਭਾਲ ਅਤੇ ਨਿਪਟਾਰੇ ਸਬੰਧੀ, ਜਦਕਿ ਮੈਡੀਕਲ ਸਟੋਰ ਸੰਚਾਲਕਾਂ ਨੂੰ ਦਵਾਈਆਂ ਦੇ ਸਹੀ ਰੱਖ-ਰਖਾਅ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐਸ.ਐਮ.ਓ. ਟੋਹਾਣਾ ਡਾ: ਕੁਨਾਲ ਵਰਮਾ, ਪੁਲਿਸ ਥਾਣਾ ਸਦਰ ਟੋਹਾਣਾ ਦੇ ਐਡੀਸ਼ਨਲ ਐਸ.ਐਚ.ਓ. ਸਬ-ਇੰਸਪੈਕਟਰ ਮਹਾਂਵੀਰ ਸਿੰਘ, ਨੋਡਲ ਅਫ਼ਸਰ ਸਬ-ਇੰਸਪੈਕਟਰ ਸੱਜਣ ਸਿੰਘ, ਇਨਫੈਕਸ਼ਨ ਕੰਟਰੋਲ ਨਰਸਿੰਗ ਆਫਿਸਰ ਨੀਲਮ ਸੱਗੂ, ਸਟਾਫ ਨਰਸ ਸੁਸ਼ਮਾ, ਜਸਵਿੰਦਰ ਕੌਰ, ਯਾਦਵਿੰਦਰ ਕੌਰ, ਏ.ਐਨ.ਐੱਮ. ਕ੍ਰਿਸ਼ਨਾ, ਸੁਦੇਸ਼, ਕਰਮਜੀਤ ਕੌਰ ਅਨੀਤਾ ਟੀਮ ਵਿੱਚ ਸ਼ਾਮਲ ਰਹੇ। ਮੈਡੀਕਲ ਪ੍ਰੈਕਟੀਸ਼ਨਰਜ਼ ਵਲੋਂ ਅਜਾਇਬ ਸਿੰਘ ਫਤਹਿਪੁਰੀ ਤੇ ਜ਼ਿਲਾ ਫਤਿਹਾਬਾਦ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਘਨਈਆ ਲਾਲ ਅਰੋੜਾ ਹਾਜ਼ਰ ਰਹੇ। ਮੀਟਿੰਗ ਦੌਰਾਨ ਸੂਈਆਂ-ਸਰਿੰਜਾਂ ਨੂੰ ਡਿਸਟਰੋਇਡ ਕਰਨ, ਬਾਇਓਮੈਡੀਕਲ ਵੇਸਟ ਤੇ ਨਿਰਧਾਰਤ ਨਿਯਮਾਂ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡ ਕੇ ਨੀਲੇ, ਪੀਲੇ, ਲਾਲ ਤੇ ਚਿੱਟੇ ਬੈਗਾਂ ਵਿੱਚ ਪਾਉਣ ਬਾਰੇ ਜਾਣਕਾਰੀ ਦਿੱਤੀ ਗਈ। ਸਿਹਤ ਵਿਭਾਗ ਦੀ ਟੀਮ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਦੱਸਿਆ ਗਿਆ ਕਿ ਮੈਡੀਕਲ ਰਹਿੰਦ-ਖੂੰਹਦ ਨੂੰ ਆਮ ਕੂੜੇ ਵਿੱਚ ਨਾ ਮਿਲਾਇਆ ਜਾਵੇ, ਸਗੋਂ ਇਸ ਦਾ ਨਿਰਧਾਰਤ ਢੰਗ ਨਾਲ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਨਸ਼ਾ ਮੁਕਤ ਹਰਿਆਣਾ ਮੁਹਿੰਮ ਦੇ ਨੋਡਲ ਅਫ਼ਸਰ ਸਬ-ਇੰਸਪੈਕਟਰ ਸੱਜਣ ਸਿੰਘ ਨੇ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਆਮ ਲੋਕਾਂ ਤੱਕ ਸਿੱਧੀ ਪਹੁੰਚ ਹੁੰਦੀ ਹੈ। ਲੋਕ ਅਕਸਰ ਵੱਡੇ ਹਸਪਤਾਲ ਤੋਂ ਦਵਾਈ ਲੈਣ ਉਪਰੰਤ ਵੀ ਆਪਣੇ ਨੇੜਲੇ ਮੈਡੀਕਲ ਪ੍ਰੈਕਟੀਸ਼ਨਰ ਤੋਂ ਦਵਾਈ ਖਾਣ ਸਬੰਧੀ ਸਲਾਹ ਲੈਂਦੇ ਹਨ ਤੇ ਉਨ੍ਹਾਂ ’ਤੇ ਭਰੋਸਾ ਕਰਦੇ ਹਨ। ਇਸ ਲਈ ਮੈਡੀਕਲ ਪ੍ਰੈਕਟੀਸ਼ਨਰ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਇਲਾਜ ਲਈ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚੋਂ ਨਸ਼ੇ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਸਿਹਤ ਵਿਭਾਗ ਦੇ ਨਾਲ-ਨਾਲ ਪੁਲਿਸ, ਮੈਡੀਕਲ ਪ੍ਰੈਕਟੀਸ਼ਨਰਾਂ ਤੇ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਜੇਕਰ ਕਿਸੇ ਵਿਅਕਤੀ ਨੂੰ ਆਪਣੇ ਪਿੰਡ, ਗੁਆਂਢ ਜਾਂ ਆਲੇ-ਦੁਆਲੇ ਕਿਸੇ ਵਿਅਕਤੀ ਦੇ ਨਸ਼ੇ ਵਿੱਚ ਫਸੇ ਹੋਣ ਬਾਰੇ ਜਾਣਕਾਰੀ ਹੈ ਤਾਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਨਾਲ ਜੋੜਿਆ ਜਾਵੇ। ਨਸ਼ਾ ਛੁਡਾਉਣ ਸੰਬੰਧੀ ਵਿਸ਼ੇਸ਼ ਮੁਹਿੰਮਾ ਚਲਾਈਆਂ ਜਾ ਰਹੀਆਂ ਐੱਸ.ਐੱਮ.ਓ. ਡਾ. ਕੁਨਾਲ ਵਰਮਾ ਨੇ ਮੈਡੀਕਲ ਸਟੋਰਾਂ ਦੇ ਸੰਚਾਲਕਾਂ ਨੂੰ ਦਵਾਈਆਂ ਦੇ ਰੱਖ-ਰਖਾਅ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦਵਾਈਆਂ ਨੂੰ ਨਿਰਧਾਰਤ ਤਾਪਮਾਨ ’ਤੇ ਰੱਖਣ, ਮਿਆਦ ਪੁੱਗ ਚੁੱਕੀਆਂ ਦਵਾਈਆਂ ਦੀ ਜਾਂਚ ਕਰਨ ਤੇ ਦਵਾਈਆਂ ਨੂੰ ਸਹੀ ਢੰਗ ਨਾਲ ਸੰਭਾਲਣ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਟੋਹਾਣਾ ਦੇ ਕਮਰਾ ਨੰਬਰ 14 ਵਿੱਚ ਨਸ਼ੇ ਤੋਂ ਛੁਟਕਾਰਾ ਪਾਉਣ ਦੇ ਇੱਛੁਕ ਵਿਅਕਤੀ ਸੰਪਰਕ ਕਰ ਸਕਦੇ ਹਨ। ਹਸਪਤਾਲ ਵੱਲੋਂ ਸਮੇਂ-ਸਮੇਂ ’ਤੇ ਨਸ਼ਾ ਛੁਡਾਉਣ ਸਬੰਧੀ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਡਾ. ਕੁਨਾਲ ਵਰਮਾ ਨੇ ਕਿਹਾ ਕਿ ਰੋਜ਼ਾਨਾ ਕਈ ਵਿਅਕਤੀ ਨਸ਼ੇ ਦੀ ਆਦਤ ਛੱਡਣ ਲਈ ਸਿਵਲ ਹਸਪਤਾਲ ਪਹੁੰਚ ਰਹੇ ਹਨ। ਸਿਹਤ ਵਿਭਾਗ ਦੀ ਟੀਮ ਵੱਲੋਂ ਉਨ੍ਹਾਂ ਨੂੰ ਨਸ਼ਿਆਂ ਨਾਲ ਹੋਣ ਵਾਲੇ ਸਰੀਰਕ ਤੇ ਮਾਨਸਿਕ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਵਾਲੇ ਵਿਅਕਤੀਆਂ ਨੂੰ ਦੁਬਾਰਾ ਨਸ਼ੇ ਵੱਲ ਜਾਣ ਤੋਂ ਰੋਕਣ ਲਈ ਲਗਾਤਾਰ ਸਲਾਹ ਅਤੇ ਸਹਿਯੋਗ ਦਿੱਤਾ ਜਾ ਰਿਹਾ ਹੈ। ਮੈਡੀਕਲ ਪ੍ਰੈਕਟੀਸ਼ਨਰਾਂ ਨੇ ਦਿੱਤਾ ਸਹਿਯੋਗ ਦਾ ਭਰੋਸਾ ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਅਜਾਇਬ ਸਿੰਘ ਫਤਿਹਪੁਰੀ ਨੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਖੇਤਰ ਵਿੱਚ ਕੋਈ ਵੀ ਮੈਡੀਕਲ ਪ੍ਰੈਕਟੀਸ਼ਨਰ ਨਸ਼ੇ ਦੇ ਟੀਕਿਆਂ ਜਾਂ ਨਸ਼ੇ ਨਾਲ ਸਬੰਧਤ ਦਵਾਈਆਂ ਦਾ ਗੈਰ-ਕਾਨੂੰਨੀ ਕਾਰੋਬਾਰ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕੋਈ ਮੈਡੀਕਲ ਪ੍ਰੈਕਟੀਸ਼ਨਰ ਨਸ਼ੇ ਨਾਲ ਸਬੰਧਤ ਗਤੀਵਿਧੀ ਵਿੱਚ ਲਿਪਤ ਪਾਇਆ ਜਾਂਦਾ ਹੈ ਤਾਂ ਉਹ ਉਸ ਦਾ ਕਿਸੇ ਵੀ ਤਰ੍ਹਾਂ ਸਾਥ ਨਹੀਂ ਦੇਣਗੇ ਤੇ ਪ੍ਰਸ਼ਾਸਨ ਵੱਲੋਂ ਕੀਤੀ ਜਾਣ ਵਾਲੀ ਕਾਨੂੰਨੀ ਕਾਰਵਾਈ ਵਿੱਚ ਪੂਰਾ ਸਹਿਯੋਗ ਕਰਨਗੇ। ਇਸ ਮੌਕੇ ਅਜਾਇਬ ਸਿੰਘ ਫਤਿਹਪੁਰੀ, ਦਿਲਬਾਗ ਸਿੰਘ ਦੀਵਾਣਾ, ਬਲਵਾਨ ਸੈਣੀ, ਗੁਰਦੀਪ ਸਿੰਘ ਢਿੱਲੋਂ, ਮਨਜੀਤ ਸਿੰਘ ਟੋਹਾਣਾ, ਰਘਵੀਰ ਜਾਂਗੜਾ, ਜਗਮੋਹਨ ਅਰੋੜਾ, ਭਰਤ ਸਿੰਘ ਮੰਘੇੜਾ, ਰਮਨਦੀਪ ਸਿੰਘ ਢੇਰ, ਮਹਾਂਵੀਰ ਸਿੰਘ ਧਾਰਸੂਲ, ਵਿਨੋਦ ਕੁਮਾਰ ਮਿਓਂਦ, ਰਾਮ ਸਿੰਘ, ਸੁਰਜੀਤ ਸਿੰਘ, ਜੋਰਾ ਸਿੰਘ, ਮਨਜੀਤ ਸਿੰਘ, ਸੁਰਿੰਦਰ ਕੁਮਾਰ, ਨਰੇਸ਼ ਭਾਟੀਆ, ਸੰਜੀਵ ਭਾਟੀਆ, ਰਘਵੀਰ ਸਿੰਘ, ਜਗਸੀਰ ਸਿੰਘ, ਜਗਤ ਰਾਮ, ਅਜੈਬ ਸਿੰਘ, ਜੋਗਿੰਦਰ ਸਿੰਘ ਅਤੇ ਹਰੀਸ਼ ਕੁਮਾਰ ਸਮੇਤ ਹੋਰ ਮੈਡੀਕਲ ਪ੍ਰੈਕਟੀਸ਼ਨਰ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ। 05ਐਸਐਨਜੀ64 ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਡਾ: ਅਜਾਇਬ ਸਿੰਘ ਫਤਿਹਪੁਰੀ ਨੂੰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਹੋਏ। 05ਐਸਐਨਜੀ65 ਇਸ ਸਮੇਂ ਪਹੁੰਚੇ ਮੈਡੀਕਲ ਪ੍ਰੈਕਟੀਸ਼ਨਰਜ਼ ਅਤੇ ਮੈਡੀਕਲ ਸਟੋਰ ਸੰਚਾਲਕ। ਤਸਵੀਰਾਂ : ਮਨਜੀਤ ਸਿੰਘ ਟੋਹਾਣਾ