ਪੀ.ਐਮ ਸ੍ਰੀ ਸਰਕਾਰੀ ਸਕੂਲ ਮੱਖੂ ਵਿਖੇ ਡਾ.ਗੁਰਚਰਨ ਨੂਰਪੁਰ ਵਲੋਂ ‘ਸਕਾਰਾਤਮਿਕ ਸੋਚ ਦਾ ਮਨੋਵਿਗਿਆਨ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ
ਮੱਖੂ, 21 ਅਕਤੂਬਰ (ਕੁਲਵਿੰਦਰ ਸਿੰਘ)-ਪੀ. ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮੱਖੂ ਵਿਖੇ ਵਿਦਿਆਰਥਣਾਂ ਦੇ ਮਾਨਸਿਕ ਵਿਕਾਸ ਅਤੇ ਜੀਵਨ ਪ੍ਰਤੀ ਉਸਾਰੂ ਨਜ਼ਰੀਆ ਵਿਕਸਿਤ ਕਰਨ ਦੇ ਉਦੇਸ਼ ਨਾਲ ਡਾ.
ਮੱਖੂ, 21 ਅਕਤੂਬਰ (ਕੁਲਵਿੰਦਰ ਸਿੰਘ)-ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮੱਖੂ ਵਿਖੇ ਵਿਦਿਆਰਥਣਾਂ ਦੇ ਮਾਨਸਿਕ ਵਿਕਾਸ ਅਤੇ ਜੀਵਨ ਪ੍ਰਤੀ ਉਸਾਰੂ ਨਜ਼ਰੀਆ ਵਿਕਸਿਤ ਕਰਨ ਦੇ ਉਦੇਸ਼ ਨਾਲ ਡਾ. ਗੁਰਚਰਨ ਸਿੰਘ ਨੂਰਪੁਰ ਵਲੋਂ ‘ਸਕਾਰਾਤਮਿਕ ਸੋਚ ਦਾ ਮਨੋਵਿਗਿਆਨ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਕਾਰਾਤਮਿਕ ਸੋਚ ਦੀ ਮਹੱਤਤਾ, ਮਨੁੱਖੀ ਮਨ ਦੀ ਕਾਰਜਪ੍ਰਣਾਲੀ ਅਤੇ ਜੀਵਨ ਵਿਚ ਆਉਣ ਵਾਲੀਆਂ ਚੁਨੌਤੀਆਂ ਦਾ ਸਾਹਮਣਾ ਹੌਸਲੇ ਅਤੇ ਸਮਝਦਾਰੀ ਨਾਲ ਕਰਨ ਬਾਰੇ ਵਿਚਾਰ ਸਾਂਝੇ ਕੀਤੇ। ਡਾ.ਨੂਰਪੁਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਨੁੱਖ ਦੀ ਸੋਚ ਉਸ ਦੇ ਵਿਹਾਰ, ਫ਼ੈਸਲਿਆਂ ਅਤੇ ਜੀਵਨ ਪ੍ਰਤੀ ਨਜ਼ਰੀਏ ਨੂੰ ਪ੍ਰਭਾਵਿਤ ਕਰਦੀ ਹੈ। ਸਕਾਰਾਤਮਿਕ ਸੋਚ ਦਾ ਅਰਥ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨਾ ਨਹੀਂ, ਸਗੋਂ ਮੁਸ਼ਕਲ ਹਾਲਾਤਾਂ ਵਿਚ ਵੀ ਹੱਲ ਲੱਭਣ ਦੀ ਸਮਰੱਥਾ ਵਿਕਸਿਤ ਕਰਨਾ ਹੈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਤਮ-ਵਿਸ਼ਵਾਸ, ਸਵੈ-ਪੜਚੋਲ, ਸਬਰ ਅਤੇ ਮਿਹਨਤ ਵਰਗੇ ਗੁਣ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਪਣੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਸਮਝ ਕੇ ਵਿਦਿਆਰਥੀ ਨਾ ਸਿਰਫ਼ ਪੜ੍ਹਾਈ ਵਿਚ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਨ, ਸਗੋਂ ਜੀਵਨ ਦੀਆਂ ਚੁਨੌਤੀਆਂ ਦਾ ਸਾਹਮਣਾ ਵੀ ਵਧੇਰੇ ਸੁਚੱਜੇ ਢੰਗ ਨਾਲ ਕਰ ਸਕਦੇ ਹਨ। ਇਸ ਮੌਕੇ ਵਿਦਿਆਰਥਣਾਂ ਨੇ ਲੈਕਚਰ ਵਿਚ ਦਿਲਚਸਪੀ ਨਾਲ ਭਾਗ ਲਿਆ ਅਤੇ ਬੁਲਾਰੇ ਵਲੋਂ ਸਾਂਝੇ ਕੀਤੇ ਵਿਚਾਰਾਂ ਦੀ ਭਰਪੂਰ ਸ਼ਲਾਘਾ ਕੀਤੀ। ਲੈਕਚਰ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿਚ ਉਸਾਰੂ ਸੋਚ, ਮਾਨਸਿਕ ਸੰਤੁਲਨ ਅਤੇ ਜੀਵਨ ਪ੍ਰਤੀ ਸਿਹਤਮੰਦ ਨਜ਼ਰੀਆ ਵਿਕਸਿਤ ਕਰਨਾ ਸੀ। ਇਹ ਪ੍ਰੋਗਰਾਮ ਸਕੂਲ ਦੇ ਪ੍ਰਿੰਸੀਪਲ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਇੰਚਾਰਜ ਲੈਕਚਰਾਰ ਵਰਿੰਦਰ ਕੌਰ, ਮੈਥ ਮਿਸਟਰੈੱਸ ਮੈਡਮ ਟਵਿੰਕਲ, ਨਿਤਿਕਾ ਮੈਡਮ, ਨਵਦੀਪ ਕੁਮਾਰ ਅਤੇ ਵਿਜੇ ਕੁਮਾਰ ਨੇ ਵੀ ਸਹਿਯੋਗ ਦਿੱਤਾ। ਸਮਾਗਮ ਦੇ ਅਖੀਰ ਵਿਚ ਅਧਿਆਪਕਾਂ ਵਲੋਂ ਸਾਹਿੱਤਕਾਰ ਗੁਰਚਰਨ ਸਿੰਘ ਨੂਰਪੁਰ ਦਾ ਮੋਮੈਂਟੋ ਅਤੇ ਇਕ ਲੋਈ ਭੇਟ ਕਰਕੇ ਸਨਮਾਨ ਕੀਤਾ ਗਿਆ। ਸਕੂਲ ਪ੍ਰਬੰਧਕਾਂ ਅਨੁਸਾਰ ਅਜਿਹੇ ਵਿਸ਼ੇਸ਼ ਲੈਕਚਰ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ, ਆਤਮ-ਵਿਸ਼ਵਾਸ ਅਤੇ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।