ਰੋਟਰੀ ਕਲੱਬ ਰੂਪਨਗਰ ਦੀ ਪਹਿਲ: ਔਰਤਾਂ ਨੂੰ ਸਿਖਾਏ ਜਾਨਾਂ ਬਚਾਉਣ ਦੇ ਗੁਰ
ਰੂਪਨਗਰ, 22 ਅਕਤੂਬਰ (ਸਤਨਾਮ ਸਿੰਘ ਸੱਤੀ)- ਰੋਟਰੀ ਕਲੱਬ ਰੂਪਨਗਰ ਵਲੋਂ ਰੋਟਰੀ ਭਵਨ ਵਿਖੇ ਸਿਲਾਈ ਸੈਂਟਰ ਦੀਆਂ ਵਿਦਿਆਰਥਣਾਂ ਅਤੇ ਕਲੋਨੀ ਦੀਆਂ ਹੋਰ ਔਰਤਾਂ ਲਈ ਸੀ. ਪੀ.
ਰੂਪਨਗਰ, 22 ਅਕਤੂਬਰ (ਸਤਨਾਮ ਸਿੰਘ ਸੱਤੀ)- ਰੋਟਰੀ ਕਲੱਬ ਰੂਪਨਗਰ ਵਲੋਂ ਰੋਟਰੀ ਭਵਨ ਵਿਖੇ ਸਿਲਾਈ ਸੈਂਟਰ ਦੀਆਂ ਵਿਦਿਆਰਥਣਾਂ ਅਤੇ ਕਲੋਨੀ ਦੀਆਂ ਹੋਰ ਔਰਤਾਂ ਲਈ ਸੀ. ਪੀ. ਆਰ. (ਕਾਰਡੀਓਪਲਮੋਨਰੀ ਰੀਸਸਿਟੇਸ਼ਨ) ਅਤੇ ਮੁੱਢਲੀ ਸਹਾਇਤਾ ਸਬੰਧੀ ਵਰਕਸ਼ਾਪ ਲਗਾਈ ਗਈ। ਇਸ ਦੌਰਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਗੁਰਸੋਹਨ ਸਿੰਘ ਨੇ ਜੀਵਨ ਬਚਾਉਣ ਦੀਆਂ ਤਕਨੀਕਾਂ ਬਾਰੇ ਵਿਹਾਰਕ ਜਾਣਕਾਰੀ ਦਿੱਤੀ। ਗੁਰਸੋਹਨ ਸਿੰਘ ਨੇ ਦੱਸਿਆ ਕਿ ਦਿਲ ਦੀ ਧੜਕਣ ਅਤੇ ਸਾਹ ਬੰਦ ਹੋਣ ਦੀ ਸਥਿਤੀ ਵਿਚ ਸੀ.ਪੀ.ਆਰ. ਜਾਨ ਬਚਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਨੇ ਛਾਤੀ ’ਤੇ ਦਬਾਅ ਪਾਉਣ ਦੀ ਸਹੀ ਵਿਧੀ ਦਾ ਪ੍ਰਦਰਸ਼ਨ ਕੀਤਾ ਅਤੇ ਐਮਰਜੈਂਸੀ ਦੌਰਾਨ ਤੁਰੰਤ ਸਹਾਇਤਾ ਦੇਣ ਦੀ ਮਹੱਤਤਾ ਬਾਰੇ ਸਮਝਾਇਆ। ਇਸ ਤੋਂ ਇਲਾਵਾ ਹਾਦਸਿਆਂ ਵਿਚ ਖ਼ੂਨ ਵਗਣ ਤੋਂ ਰੋਕਣ, ਕੁੱਤੇ ਦੇ ਕੱਟਣ, ਸੱਪ ਦੇ ਡੰਗਣ ਅਤੇ ਹੱਡੀ ਟੁੱਟਣ ਦੀ ਸਥਿਤੀ ਵਿਚ ਅਪਣਾਈ ਜਾਣ ਵਾਲੀ ਮੁੱਢਲੀ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ। ਵਰਕਸ਼ਾਪ ਦੌਰਾਨ ਐਲ.ਪੀ.ਜੀ. ਗੈਸ ਸਿਲੰਡਰ ਦੀ ਸੁਰੱਖਿਅਤ ਵਰਤੋਂ ਬਾਰੇ ਵੀ ਜਾਗਰੂਕ ਕੀਤਾ ਗਿਆ। ਔਰਤਾਂ ਨੂੰ ਸਿਲੰਡਰ ਦੀ ਮਿਆਦ ਦੀ ਜਾਂਚ ਕਰਨ, ਗੈਸ ਲੀਕ ਹੋਣ ਦੀ ਪਛਾਣ ਕਰਨ ਅਤੇ ਅਜਿਹੀ ਸਥਿਤੀ ਵਿਚ ਸੁਰੱਖਿਆ ਸਬੰਧੀ ਸਾਵਧਾਨੀਆਂ ਵਰਤਣ ਬਾਰੇ ਦੱਸਿਆ ਗਿਆ। ਇਸ ਮੌਕੇ ਔਰਤਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਪੁਤਲੇ ’ਤੇ ਸੀ. ਪੀ. ਆਰ. ਦਾ ਅਭਿਆਸ ਕਰਕੇ ਇਸ ਤਕਨੀਕ ਨੂੰ ਸਮਝਿਆ। ਸਵਾਲ-ਜਵਾਬ ਸੈਸ਼ਨ ਦੌਰਾਨ ਵੀ ਉਨ੍ਹਾਂ ਨੇ ਆਪਣੇ ਸ਼ੰਕੇ ਦੂਰ ਕੀਤੇ। ਰੋਟਰੀ ਕਲੱਬ ਦੇ ਪ੍ਰਧਾਨ ਗਗਨ ਸੈਣੀ ਨੇ ਗੁਰਸੋਹਨ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਲੋਕਾਂ ਨੂੰ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਅਤੇ ਕੀਮਤੀ ਜਾਨਾਂ ਬਚਾਉਣ ਵਿਚ ਮਦਦਗਾਰ ਸਾਬਤ ਹੁੰਦੇ ਹਨ। ਇਸ ਮੌਕੇ ਪੈ੍ਰਜ਼ੀਡੈਂਟ ਗਗਨ ਸੈਣੀ, ਪਾਸਟ ਪ੍ਰੈਜ਼ੀਡੈਂਟ ਡਾ. ਜੇ.ਕੇ. ਸ਼ਰਮਾ ਅਤੇ ਕਲੱਬ ਦੇ ਸਕੱਤਰ ਅਸ਼ੋਕ ਚੱਢਾ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ। ਰੋਟਰੀ ਕਲੱਬ ਰੂਪਨਗਰ ਵਲੋਂ ਭਵਿੱਖ ਵਿਚ ਵੀ ਲੋਕ ਭਲਾਈ ਅਤੇ ਜਾਗਰੂਕਤਾ ਦੇ ਅਜਿਹੇ ਉਪਰਾਲੇ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਈ ਗਈ।