ਜੁਗਾੜੂ ਫਰੀਜ਼ਰ ਕਾਰਨ ਪੱਤਰਕਾਰ ਦੀ ਲਾਸ਼ ਖ਼ਰਾਬ ਹੋਣ ਦਾ ਵਿਵਾਦ ਸੁਲਝਿਆ
ਡੱਬਵਾਲੀ, 23 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਬੀਤੇ ਜਨਵਰੀ ਮਹੀਨੇ ਵਿੱਚ ਸੀਨੀਅਰ ਪੱਤਰਕਾਰ ਫਤਿਹ ਸਿੰਘ ਆਜ਼ਾਦ ਦੀ ਲਾਸ਼ ਮੁਰਦਾਘਰ ’ਚ ਖ਼ਰਾਬ ਹੋਣ ਦਾ ਮਾਮਲਾ ਐੱਸ. ਡੀ.
ਡੱਬਵਾਲੀ, 23 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਬੀਤੇ ਜਨਵਰੀ ਮਹੀਨੇ ਵਿੱਚ ਸੀਨੀਅਰ ਪੱਤਰਕਾਰ ਫਤਿਹ ਸਿੰਘ ਆਜ਼ਾਦ ਦੀ ਲਾਸ਼ ਮੁਰਦਾਘਰ ’ਚ ਖ਼ਰਾਬ ਹੋਣ ਦਾ ਮਾਮਲਾ ਐੱਸ.ਡੀ.ਐੱਮ. ਯੋਗੇਸ਼ ਦਿਲਹੌਰ ਦੀ ਪ੍ਰਧਾਨਗੀ ਹੇਠ ਮੀਟਿੰਗ ਮਗਰੋਂ ਸੁਲਝ ਗਿਆ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਕੀਤੀ ਸ਼ਿਕਾਇਤ ‘ਤੇ ਪ੍ਰਸ਼ਾਸਨ ਦੀ ਕਾਰਵਾਈ ਤੋਂ ਤਸੱਲੀ ਪ੍ਰਗਟ ਕਰਦਿਆਂ ਮਾਮਲਾ ਖ਼ਤਮ ਕਰਨ ‘ਤੇ ਸਹਿਮਤੀ ਜਤਾਈ ਗਈ। ਜ਼ਿਕਰਯੋਗ ਹੈ ਕਿ 82 ਸਾਲਾ ਫਤਿਹ ਸਿੰਘ ਆਜ਼ਾਦ ਦਾ 18 ਜਨਵਰੀ 2026 ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪੋਤਰੇ ਦੇ ਵਿਦੇਸ਼ ਤੋਂ ਆਉਣ ਕਾਰਨ ਲਾਸ਼ ਨੂੰ ਉਪਮੰਡਲ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਸੀ। 20 ਜਨਵਰੀ ਨੂੰ ਅੰਤਿਮ ਸਸਕਾਰ ਤੋਂ ਪਹਿਲਾਂ ਘੱਟ ਸਮਰੱਥਾ ਵਾਲੇ ਜੁਗਾੜੂ ਫਰੀਜ਼ਰ ਵਿੱਚ ਠੰਢਕ ਪੂਰੀ ਨਾ ਹੋਣ ਕਾਰਨ ਲਾਸ਼ ਖ਼ਰਾਬ ਹੋ ਗਈ ਸੀ। ਇਸ ਤੋਂ ਬਾਅਦ ਸ਼ਿਕਾਇਤ ਸਰਕਾਰ ਤੇ ਸਿਹਤ ਵਿਭਾਗ ਤੱਕ ਪਹੁੰਚ ਗਈ ਸੀ। ਮੀਟਿੰਗ ਦੌਰਾਨ ਐੱਸ.ਡੀ.ਐੱਮ. ਨੇ ਮੁਰਦਾਘਰ ਲਈ ਦੋ ਚੈਂਬਰਾਂ ਵਾਲਾ ਨਵਾਂ ਡੀਪ ਫਰੀਜ਼ਰ ਮੁਹੱਈਆ ਕਰਵਾਉਣ ਦੀ ਮੰਗ ਉੱਚ ਅਧਿਕਾਰੀਆਂ ਨੂੰ ਭੇਜਣ ਦੇ ਨਿਰਦੇਸ਼ ਦਿੱਤੇ। ਨਾਲ ਹੀ ਲਾਸ਼ ਰੱਖਣ ਦੀ ਤੈਅ ਫੀਸ ਦਰਸਾਉਣ ਲਈ ਬੋਰਡ ਲਗਾਉਣ ਤੇ ਹਰ ਲਾਸ਼ ਦਾ ਰਿਕਾਰਡ ਰਜਿਸਟਰ ਵਿੱਚ ਦਰਜ ਕਰਨ ਦੀ ਵਿਵਸਥਾ ਯਕੀਨੀ ਬਣਾਉਣ ਲਈ ਕਿਹਾ। ਇਸ ਮੌਕੇ ਸਿਹਤ ਵਿਭਾਗ ਵੱਲੋਂ ਐੱਸ.ਐੱਮ.ਓ. ਡਾ. ਸੁਦੀਪ ਗੋਇਲ, ਏ.ਐੱਸ.ਐੱਮ.ਓ. ਡਾ. ਹਰਸਿਮਰਨ ਸਿੰਘ, ਡਾ. ਸੌਰਭ ਅਰੋੜਾ ਤੋਂ ਇਲਾਵਾ ਸ਼ਿਕਾਇਤਕਰਤਾ ਦਰਿਆ ਸਿੰਘ, ਮਹਾਵੀਰ ਸਹਾਰਨ, ਪੰਮੀ ਵਧਵਾ, ਗੁਰਚਰਨ ਸਿੰਘ ਟੋਹੜਾ ਅਤੇ ਹੋਰ ਲੋਕ ਮੌਜੂਦ ਸਨ।