ਫ਼ੋਰਮ ਵਲੋਂ ਮਹਾਨ ਜਰਨੈਲ ਅਤੇ ਪ੍ਰਸ਼ਾਸਕ ਬੀਬੀ ਸਾਹਿਬ ਕੌਰ ਬਾਰੇ ਕਰਾਇਆ ਵਿਸ਼ੇਸ਼ ਲੈਕਚਰ
ਨਵੀਂ ਦਿੱਲੀ,24 ਨਵੰਬਰ (ਜਗਤਾਰ ਸਿੰਘ)-ਸਿੱਖ ਹਿਸਟਰੀ ਐਂਡ ਗੁਰਬਾਣੀ ਫੋਰਮ ਵੱਲੋਂ ‘ਇਤਿਹਾਸ ਵਿਚ ਸਿੱਖ ਬੀਬੀਆਂ’ ਲੈਕਚਰ ਲੜੀ ਹੇਠ ਮਹਾਨ ਜਰਨੈਲ ਅਤੇ ਪ੍ਰਸ਼ਾਸਕ ਬੀਬੀ ਸਾਹਿਬ ਕੌਰ ਦਾ ਵਿਸ਼ੇਸ਼ ਲੈਕਚਰ ਕਰਾਇਆ ਗਿਆ। ਸਵਰਨ ਸਿੰਘ ਦੇ ਸਵਰਨ ਨੇ ਲੈਕਚਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਵਕਤਾ, ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣਾ ਦਾ ਰਸਮੀ ਸੁਆਗਤ ਕੀਤਾ।
ਨਵੀਂ ਦਿੱਲੀ,24 ਨਵੰਬਰ (ਜਗਤਾਰ ਸਿੰਘ)-ਸਿੱਖ ਹਿਸਟਰੀ ਐਂਡ ਗੁਰਬਾਣੀ ਫੋਰਮ ਵੱਲੋਂ ‘ਇਤਿਹਾਸ ਵਿਚ ਸਿੱਖ ਬੀਬੀਆਂ’ ਲੈਕਚਰ ਲੜੀ ਹੇਠ ਮਹਾਨ ਜਰਨੈਲ ਅਤੇ ਪ੍ਰਸ਼ਾਸਕ ਬੀਬੀ ਸਾਹਿਬ ਕੌਰ ਦਾ ਵਿਸ਼ੇਸ਼ ਲੈਕਚਰ ਕਰਾਇਆ ਗਿਆ। ਸਵਰਨ ਸਿੰਘ ਦੇ ਸਵਰਨ ਨੇ ਲੈਕਚਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਵਕਤਾ, ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣਾ ਦਾ ਰਸਮੀ ਸੁਆਗਤ ਕੀਤਾ। ਮੁੱਖ ਵਕਤਾ ਡਾ. ਰੂਪਮ ਜਸਮੀਤ ਕੌਰ ਨੇ ਆਪਣੇ ਲੈਕਚਰ ਰਾਹੀਂ ਬੀਬੀ ਸਾਹਿਬ ਕੌਰ ਦੀ ਅਦੁੱਤੀ ਬਹਾਦਰੀ, ਪ੍ਰਸ਼ਾਸਕੀ ਸੂਝ-ਬੂਝ ਅਤੇ ਕੌਮੀ ਸੇਵਾ ਦੇ ਵੱਖ-ਵੱਖ ਪੱਖਾਂ ‘ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਪਟਿਆਲਾ ਰਿਆਸਤ ਦੀ ਬੀਬੀ ਸਾਹਿਬ ਕੌਰ ਨੇ ਔਖੇ ਵੇਲਿਆਂ ਵਿਚ ਰਾਜ ਦਾ ਪ੍ਰਬੰਧ ਸੰਭਾਲਦਿਆਂ ਨਾ ਸਿਰਫ਼ ਅੰਦਰੂਨੀ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ, ਸਗੋਂ ਮੈਦਾਨ-ਏ-ਜੰਗ ਵਿੱਚ ਖ਼ੁਦ ਫ਼ੌਜ ਦੀ ਅਗਵਾਈ ਕਰਦਿਆਂ ਮਰਹੱਟਿਆਂ ਅਤੇ ਅੰਗਰੇਜ਼ਾਂ ਦੇ ਹਮਲਿਆਂ ਦਾ ਡਟ ਕੇ ਮੁਕਾਬਲਾ ਕੀਤਾ। ਮਰਦਾਨਪੁਰ ਦੀ ਲੜਾਈ ਵਿੱਚ ਉਨ੍ਹਾਂ ਦੀ ਰਣਨੀਤਕ ਸੂਝ ਅਤੇ ਦਲੇਰੀ ਸਿੱਖ ਇਤਿਹਾਸ ਦਾ ਸੁਨਹਿਰੀ ਪੰਨਾ ਹੈ, ਜੋ ਔਰਤ ਸ਼ਕਤੀ ਅਤੇ ਨਿਡਰ ਅਗਵਾਈ ਦੀ ਮਿਸਾਲ ਪੇਸ਼ ਕਰਦੀ ਹੈ। ਇਸ ਮੌਕੇ ਮੁੱਖ ਮਹਿਮਾਨ ਪ੍ਰੋਫ਼ੈਸਰ ਦਿਲਬਾਗ਼ ਸਿੰਘ ਨੇ ਦੁਆਰਾ ਚਲਾਈ ਜਾ ਰਹੀ ਇਸ ਵਿਸ਼ੇਸ਼ ਲੈਕਚਰ ਲੜੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੀਬੀ ਸਾਹਿਬ ਕੌਰ ਵਰਗੀਆਂ ਸੂਰਬੀਰ ਅਤੇ ਸੂਝਵਾਨ ਔਰਤਾਂ ਦਾ ਜੀਵਨ ਇਤਿਹਾਸ ਨੌਜਵਾਨਾਂ ਨੂੰ ਆਪਣੇ ਇਤਿਹਾਸ, ਵਿਰਸੇ ਅਤੇ ਕੌਮੀ ਮੁੱਲਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।