27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਕੌਮੀ ਡੇਅਰੀ ਮੇਲੇ ਦੇ ਦੂਜੇ ਦਿਨ 30 ਹਜ਼ਾਰ ਤੋਂ ਵੱਧ ਲੋਕਾਂ ਨੇ ਕੀਤੀ ਸ਼ਿਰਕਤ, 180 ਤੋਂ ਵੱਧ ਪਸ਼ੂ ਬਣੇ ਖਿੱਚ ਦਾ ਕੇਂਦਰ ਪਸ਼ੂ ਪਾਲਕਾਂ ਨੇ ਆਪਣੇ ਬਿਹਤਰੀਨ ਨਸਲਾਂ ਦੇ ਪਸ਼ੂਆਂ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ

ਕਰਨਾਲ, 27 ਨਵੰਬਰ (ਗੁਰਮੀਤ ਸਿੰਘ ਸੱਗੂ)- ਆਈ. ਸੀ.

Ad Position 21
No active advertisement
ਕੌਮੀ ਡੇਅਰੀ ਮੇਲੇ-2026 ਦੇ ਦੂਜੇ ਦਿਨ ਦੀ ਤਸਵੀਰ। ਤਸਵੀਰ: ਗੁਰਮੀਤ ਸਿੰਘ ਸੱਗੂ 28-11-2026
ਕਰਨਾਲ, 27 ਨਵੰਬਰ (ਗੁਰਮੀਤ ਸਿੰਘ ਸੱਗੂ)- ਆਈ. ਸੀ. ਏ. ਆਰ.-ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ (ਐੱਨ. ਡੀ. ਆਰ. ਆਈ.) ਕਰਨਾਲ ਵਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਕੌਮੀ ਡੇਅਰੀ ਮੇਲੇ ਅਤੇ ਖੇਤੀਬਾੜੀ ਪ੍ਰਦਰਸ਼ਨੀ-2026 ਦੇ ਦੂਜੇ ਦਿਨ ਭਾਰੀ ਉਤਸ਼ਾਹ ਅਤੇ ਲੋਕਾਂ ਦੀ ਵੱਡੀ ਸ਼ਮੂਲੀਅਤ ਦੇਖਣ ਨੂੰ ਮਿਲੀ। ਮੇਲੇ ਵਿੱਚ ਲਗਭਗ 30 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ, ਜਦਕਿ 180 ਤੋਂ ਵੱਧ ਪਸ਼ੂਆਂ ਦੀ ਨੁਮਾਇਸ਼ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਕਿਸਾਨਾਂ, ਪਸ਼ੂ ਪਾਲਕਾਂ, ਡੇਅਰੀ ਉੱਦਮੀਆਂ ਅਤੇ ਮਹਿਲਾਵਾਂ ਨੇ ਮੇਲੇ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਸੰਸਥਾ ਦੇ ਡਾਇਰੈਕਟਰ ਡਾ. ਧੀਰ ਸਿੰਘ ਨੇ ਦੱਸਿਆ ਕਿ ਮੇਲੇ ਦੌਰਾਨ ਮਹਿਲਾ ਅਗਵਾਈ, ਉੱਦਮਤਾ ਅਤੇ ਸਮਰੱਥਾ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ‘ਏਕੀਕ੍ਰਿਤ ਸਪਲਾਈ ਚੇਨ, ਵੈਲਿਊ ਚੇਨ ਅਤੇ ਮਜ਼ਬੂਤ ਮਾਰਕੀਟ ਸੰਪਰਕਾਂ ਰਾਹੀਂ ਮਹਿਲਾਵਾਂ ਦੀ ਅਗਵਾਈ ਹੇਠ ਨਿਰਯਾਤ ਦੀ ਤਿਆਰੀ ਅਤੇ ਸਮਰੱਥਾ ਨਿਰਮਾਣ’ ਵਿਸ਼ੇ ’ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਇਜ਼ਹਾਰ ਗਰੁੱਪ ਗੁਰੂਗ੍ਰਾਮ ਦੀ ਮੈਨੇਜਿੰਗ ਡਾਇਰੈਕਟਰ ਰੁਚਿਤਾ ਬਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰੋਗਰਾਮ ਵਿਚ ਮਹਿਲਾ ਉੱਦਮੀਆਂ ਨੂੰ ਨਿਰਯਾਤ ਦੇ ਖੇਤਰ ਵਿਚ ਅੱਗੇ ਵਧਾਉਣ, ਉਨ੍ਹਾਂ ਨੂੰ ਬਾਜ਼ਾਰ ਨਾਲ ਜੋੜਨ ਅਤੇ ਨਵੇਂ ਮੌਕੇ ਪ੍ਰਦਾਨ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੇਲੇ ਵਿਚ ਪਸ਼ੂਆਂ ਦੀਆਂ ਵੱਖ-ਵੱਖ ਨਸਲਾਂ, ਆਧੁਨਿਕ ਡੇਅਰੀ ਤਕਨੀਕਾਂ, ਖੇਤੀਬਾੜੀ ਨਾਲ ਜੁੜੇ ਨਵੇਂ ਉੱਦਮਾਂ ਅਤੇ ਕਿਸਾਨਾਂ ਲਈ ਲਾਹੇਵੰਦ ਪਹਿਲਕਦਮੀਆਂ ਦਾ ਪ੍ਰਦਰਸ਼ਨ ਕੀਤਾ ਗਿਆ। 180 ਤੋਂ ਵੱਧ ਪਸ਼ੂਆਂ ਦੀ ਸ਼ਮੂਲੀਅਤ ਨੇ ਪਸ਼ੂ ਪਾਲਕਾਂ ਅਤੇ ਦਰਸ਼ਕਾਂ ਵਿਚ ਵਿਸ਼ੇਸ਼ ਉਤਸ਼ਾਹ ਪੈਦਾ ਕੀਤਾ। ਵੱਖ-ਵੱਖ ਨਸਲਾਂ ਦੇ ਪਸ਼ੂਆਂ ਦੀਆਂ ਵਿਸ਼ੇਸ਼ਤਾਵਾਂ, ਉਨ੍ਹਾਂ ਦੀ ਉਤਪਾਦਕ ਸਮਰੱਥਾ ਅਤੇ ਦੇਖਭਾਲ ਦੇ ਤਰੀਕਿਆਂ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਲੋਕਾਂ ਦੀ ਭੀੜ ਲੱਗੀ ਰਹੀ। ਕਰਨਾਲ ਦੇ 20 ਤੋਂ ਵੱਧ ਸਕੂਲੀ ਵਿਦਿਆਰਥੀਆਂ ਨੇ ਵੀ ਮੇਲੇ ਦਾ ਦੌਰਾ ਕੀਤਾ। ਵਿਦਿਆਰਥੀਆਂ ਨੇ ਡੇਅਰੀ ਫਾਰਮਿੰਗ, ਪਸ਼ੂਆਂ ਦੀਆਂ ਵੱਖ-ਵੱਖ ਨਸਲਾਂ, ਪਸ਼ੂ ਪਾਲਣ ਦੇ ਤਰੀਕਿਆਂ ਅਤੇ ਆਧੁਨਿਕ ਡੇਅਰੀ ਤਕਨੀਕਾਂ ਬਾਰੇ ਵਿਹਾਰਕ ਜਾਣਕਾਰੀ ਹਾਸਿਲ ਕੀਤੀ। ਮੇਲੇ ਦੇ ਦੂਜੇ ਦਿਨ ਕਰਵਾਇਆ ਗਿਆ ਪਸ਼ੂ ਸੁੰਦਰਤਾ ਮੁਕਾਬਲਾ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਮੁਕਾਬਲੇ ਵਿਚ ਵੱਖ-ਵੱਖ ਸ਼੍ਰੇਣੀਆਂ ਦੇ ਪਸ਼ੂਆਂ ਨੇ ਹਿੱਸਾ ਲਿਆ। ਪਸ਼ੂ ਪਾਲਕਾਂ ਵਲੋਂ ਆਪਣੇ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਨੂੰ ਬਿਹਤਰ ਢੰਗ ਨਾਲ ਤਿਆਰ ਕਰਨ ਲਈ ਕੀਤੇ ਯਤਨ ਵੀ ਦੇਖਣ ਨੂੰ ਮਿਲੇ। ਪਸ਼ੂ ਸੁੰਦਰਤਾ ਮੁਕਾਬਲੇ ਦੇ ਜੇਤੂ ਰਹੇ , ਮੁਰ੍ਹਾ ਮੱਝ (ਦੋ ਦੰਦ): ਵਿਜੇਂਦਰ ਸਿੰਘ ਪੁੱਤਰ ਭਰਤ ਸਿੰਘ, ਝੱਜਰ। ਮੁਰ੍ਹਾ ਕੱਟਾ: ਹਵਾ ਸਿੰਘ ਪੁੱਤਰ ਗਜੇ ਸਿੰਘ ਪਹੂਵਾਲਾ। ਐੱਚ. ਐੱਫ. ਕਰਾਸਬ੍ਰੀਡ (ਦੋ ਦੰਦ): ਰਾਜਬੀਰ ਸਿੰਘ ਪੁੱਤਰ ਰਣਧੀਰ ਸਿੰਘ ਦਾਦੂਪੁਰ ਕਰਨਾਲ। ਥਾਰਪਾਰਕਰ (ਦੋ ਦੰਦ): ਵਿਜੈ ਪਾਲ ਪੁੱਤਰ ਜਗਦੀਸ਼ ਸਿੰਘ ਰੋਹਤਕ। ਇਸੇ ਤਰ੍ਹਾਂ ਪਨੀਰ ਬਣਾਉਣ ਦੇ ਮੁਕਾਬਲੇ ਰਾਹੀਂ ਭਾਗੀਦਾਰਾਂ ਨੇ ਰਵਾਇਤੀ ਡੇਅਰੀ ਉਤਪਾਦ ਤਿਆਰ ਕਰਨ ਦੇ ਆਪਣੇ ਹੁਨਰ ਅਤੇ ਉਤਪਾਦਾਂ ਦੀ ਗੁਣਵੱਤਾ ਵਧਾਉਣ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿਚ ਪਹਿਲਾ ਇਨਾਮ ਪਿੰਕੀ ਰਾਣੀ ਪਤਨੀ ਹਰਿੰਦਰ ਕੁਮਾਰ ਮੰਗਲੌਰਾ ਕਰਨਾਲ ਨੇ ਜਿੱਤਿਆ। ਦੂਜਾ ਇਨਾਮ ਬਬੀਤਾ ਪਤਨੀ ਸੁਸ਼ੀਲ ਕੁਮਾਰ ਮੰਗਲੌਰਾ ਅਤੇ ਤੀਜਾ ਇਨਾਮ ਰਾਜਬਾਲਾ ਪਤਨੀ ਗੁਲਾਬ ਸਿੰਘ ਘੋਘੜੀਪੁਰ ਨੇ ਪ੍ਰਾਪਤ ਕੀਤਾ। ਦੁੱਧ ਚੋਣ ਮੁਕਾਬਲੇ ਵਿਚ ਵੀ ਪਸ਼ੂ ਪਾਲਕਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੁਕਾਬਲੇ ਰਾਹੀਂ ਦੁੱਧ ਚੋਣ ਦੇ ਵਿਵਹਾਰਕ ਹੁਨਰ ਅਤੇ ਡੇਅਰੀ ਫਾਰਮਿੰਗ ਵਿਚ ਕੁਸ਼ਲਤਾ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਮੁਕਾਬਲੇ ਵਿਚ ਪਹਿਲਾ ਇਨਾਮ ਕ੍ਰਿਸ਼ਨ ਲਾਲ ਦੀ ਪਤਨੀ ਮਧੂ ਘੂਸਾ ਨੇ, ਦੂਜਾ ਇਨਾਮ ਕਮਲੇਸ਼ ਪਤਨੀ ਤੇਜਪਾਲ ਮੰਗਲੌਰਾ ਨੇ ਅਤੇ ਤੀਜਾ ਇਨਾਮ ਰਾਜਬਾਲਾ ਪਤਨੀ ਗੁਲਾਬ ਸਿੰਘ ਘੋਘੜੀਪੁਰ ਨੇ ਹਾਸਿਲ ਕੀਤਾ। ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਪਸ਼ੂ ਪਾਲਕਾਂ ਦੇ ਹੁਨਰ ਨੂੰ ਮਾਨਤਾ ਦੇਣਾ, ਦੇਸੀ ਪਸ਼ੂ ਨਸਲਾਂ ਦੀ ਸੰਭਾਲ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ, ਪਸ਼ੂ ਪ੍ਰਬੰਧਨ ਵਿਚ ਸੁਧਾਰ ਲਿਆਉਣਾ ਅਤੇ ਡੇਅਰੀ ਉਤਪਾਦਾਂ ਦੀ ਗੁਣਵੱਤਾ ਤੇ ਮੁੱਲ ਵਧਾਉਣਾ ਹੈ। ਮੇਲੇ ਦੇ ਦੂਜੇ ਦਿਨ 30 ਹਜ਼ਾਰ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਅਤੇ 180 ਤੋਂ ਵੱਧ ਪਸ਼ੂਆਂ ਦੀ ਨੁਮਾਇਸ਼ ਨੇ ਵਿਗਿਆਨਕ ਪਸ਼ੂ ਪਾਲਣ, ਆਧੁਨਿਕ ਡੇਅਰੀ ਤਕਨੀਕਾਂ ਅਤੇ ਖੇਤੀਬਾੜੀ ਨਾਲ ਜੁੜੀ ਉੱਦਮਤਾ ਪ੍ਰਤੀ ਵਧ ਰਹੀ ਦਿਲਚਸਪੀ ਨੂੰ ਦਰਸਾਇਆ। ਤਿੰਨ ਰੋਜ਼ਾ ਕੌਮੀ ਡੇਅਰੀ ਮੇਲਾ ਅਤੇ ਖੇਤੀਬਾੜੀ ਪ੍ਰਦਰਸ਼ਨੀ 28 ਨਵੰਬਰ ਨੂੰ ਸਮਾਪਤ ਹੋਵੇਗੀ। ਆਖਰੀ ਦਿਨ ਵੀ ਵੱਖ-ਵੱਖ ਪ੍ਰਦਰਸ਼ਨੀਆਂ, ਤਕਨੀਕੀ ਜਾਣਕਾਰੀਆਂ ਅਤੇ ਕਿਸਾਨ-ਪੱਖੀ ਗਤੀਵਿਧੀਆਂ ਰਾਹੀਂ ਦੇਸ਼ ਦੇ ਡੇਅਰੀ ਖੇਤਰ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਦੀ ਆਮਦਨ ਤੇ ਜੀਵਨ ਪੱਧਰ ਵਿਚ ਸੁਧਾਰ ਲਿਆਉਣ ਦੇ ਯਤਨ ਜਾਰੀ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਰਾਜਮਾਰਗ ’ਤੇ ਫਲਾਈਓਵਰ ਦੀ ਚੱਲ ਰਹੀ ਮੁਰੰਮਤ ਨੇ ਵਧਾਈਆਂ ਮੁਸ਼ਕਿਲਾਂ ਟਰੈਫਿਕ ਸਮੱਸਿਆ ਦਾ ਬੁਰਾ ਹਾਲ, ਬੱਸ ਸਟੈ... ਅਗਲੀ ਖ਼ਬਰ ਸਰਕਾਰੀ ਸਕੂਲ, ਸਿਓ ਮਾਜਰਾ ਦੀ ਅਨਰੀਤ ਕੌਰ ਨੇ ਕੀਤਾ ਪਹਿਲਾ ਸਥਾਨ ਪ੍ਰਾਪਤ-ਰਾਜ ਪੱਧਰੀ ਮੁਕਾਬਲੇ ਲਈ ਚੁਣੀ
Ad Position 24