ਜਲੰਧਰ, 1 ਜਨਵਰੀ (ਸ਼ਿਵ)- ਮਹਾਰਾਜਾ ਰਣਜੀਤ ਸਿੰਘ ਐਵਿਨਿਊ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਅਜੈਬ ਦੀ ਅਗਵਾਈ ਵਿਚ ਇੱਕ ਵਫ਼ਦ ਨੇ ਇੰਪਰੂਵਮੈਂਟ ਟਰੱਸਟ ਦੇ ਈ. ਓ. ਰਾਜੇਸ਼ ਚੌਧਰੀ ਨਾਲ ਮੁਲਾਕਾਤ ਕਰਕੇ ਨਰਸਿੰਗ ਹੋਮ, ਕਮਿਊਨਿਟੀ ਸੈਂਟਰ, ਬਿਰਧ ਆਸ਼ਰਮ, ਪਬਲਿਕ ਸਕੂਲ ਦੀ ਜ਼ਮੀਨ ਨੂੰ ਵੇਚਣ ਲਈ ਪਾਸ ਕੀਤੇ ਗਏ ਮਤੇ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਦੇ ਖ਼ਿਲਾਫ਼ ਕਾਨੂੰਨੀ ਲੜਾਈ ਲੜੀ ਜਾਵੇਗੀ | ਵਫ਼ਦ ਦਾ ਕਹਿਣਾ ਸੀ ਕਿ ਕੁੱਝ ਸਮਾਂ ਪਹਿਲਾਂ ਹੀ ਨਿਤਿਨ ਕੋਹਲੀ ਦੇ ਯਤਨਾਂ ਕਰਕੇ ਕਾਲੋਨੀ ਨਿਗਮ ਨੂੰ ਤਬਦੀਲ ਕੀਤੀ ਗਈ ਹੈ | ਇਸ ਤੋਂ ਇਲਾਵਾ ਮੰਗ ਪੱਤਰ ਵਿਚ ਹੋਰ ਜਿਨ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਵਿਚ ਲੈਂਡ ਇਨਹਾਂਸਮੈਂਟ ਉੱਪਰ 15 ਫੀਸਦੀ ਵਾਲਾ ਮੁੱਦਾ, ਉਸਾਰੀ ਨਾ ਕਰਨ ਲਈ ਕੀਤੀ ਜਾ ਰਹੀ ਵਸੂਲੀ ਫ਼ੀਸ ਦੀ ਦਰ, ਓ. ਟੀ. ਐੱਸ. ਦਾ ਸਿਰਫ਼ ਇੱਕ ਹਫ਼ਤਾ ਹੀ ਸਮਾਂ ਦੇਣ ਦਾ ਮੁੱਦਾ ਸ਼ਾਮਿਲ ਹੈ | ਵਫ਼ਦ ਨੇ ਕਿਹਾ ਕਿ ਇਸ ਬਾਰੇ ਸ੍ਰੀ ਨਿਤਿਨ ਕੋਹਲੀ ਨੂੰ ਵੀ ਮੰਗ ਪੱਤਰ ਦਿੱਤਾ ਗਿਆ | ਈ. ਓ. ਰਾਜੇਸ਼ ਚੌਧਰੀ ਨੇ ਵਫ਼ਦ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਤਰਲੋਚਨ ਸਿੰਘ ਬਿੱਟੂ, ਸਤੀਸ਼ ਨੰਦਾ, ਗੁਰਮੋਹਨ ਸਿੰਘ, ਪੰਕਜ ਕੁਮਾਰ ਸ਼ਰਮਾ, ਗੁਰਜਿੰਦਰ ਸਿੰਘ, ਜਗਮੋਹਨ ਸਿੰਘ ਭਾਟੀਆ ਤੇ ਹੋਰ ਹਾਜ਼ਰ ਸਨ |