ਜਲੰਧਰ, 1 ਜਨਵਰੀ (ਸ਼ਿਵ)- ਸ਼ਹਿਰ ਵਿਚ ਵਿਕਾਸ ਕੰਮਾਂ ਦਾ ਸਿਹਰਾ ਲੈਣ ਲਈ ਕਈ ਵਾਰ ਕੌਂਸਲਰਾਂ ਵਿਚ ਟਕਰਾਅ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ | ਇਨ੍ਹਾਂ ਵਿਚ ਪਹਿਲਾਂ ਤਾਂ ਨੀਂਹ ਪੱਥਰਾਂ 'ਤੇ ਦੂਜੀਆਂ ਸਿਆਸੀ ਪਾਰਟੀਆਂ ਦੇ ਕੌਂਸਲਰਾਂ ਦਾ ਨਾਂਅ ਨਾ ਲਿਖਾਉਣ ਤੇ ਹਾਰੇ ਹੋਏ ਉਮੀਦਵਾਰਾਂ ਦਾ ਨਾਂਅ ਲਿਖਣ ਨੂੰ ਲੈ ਕੇ ਵਿਵਾਦ ਚੱਲਦਾ ਰਿਹਾ ਹੈ ਤੇ ਇਸ ਤੋਂ ਇਲਾਵਾ ਸੀਵਰਾਂ ਦੀ ਸਫ਼ਾਈ ਤੋਂ ਇਲਾਵਾ ਹੋਰ ਕੰਮਾਂ ਨੂੰ ਲੈ ਕੇ ਵੀ ਕੌਂਸਲਰਾਂ ਦਾ ਟਕਰਾਅ ਸਾਹਮਣੇ ਆਉਂਦਾ ਰਿਹਾ ਹੈ | ਤਾਜ਼ਾ ਮਾਮਲਾ 84 ਨੰਬਰ ਵਾਰਡ ਦਾ ਹੈ ਜਿੱਥੇ ਕਿ ਸਾਬਕਾ ਕੌਂਸਲਰ ਤੇ ਆਪ ਆਗੂ ਦੇਸਰਾਜ ਜੱਸਲ ਅਤੇ ਮੌਜੂਦਾ ਕਾਂਗਰਸ ਦੇ ਕੌਂਸਲਰ ਨੀਰਜ ਜੱਸਲ ਵਿਚਕਾਰ ਸੀਵਰ ਸਫ਼ਾਈ ਨੂੰ ਲੈ ਕੇ ਬਹਿਸ ਦਾ ਮਾਮਲਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ | ਦੱਸਿਆ ਜਾਂਦਾ ਹੈ ਕਿ ਉੱਤਰੀ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 84 ਦੇ ਸੂਰਤ ਨਗਰ ਜਿੰਦਾ ਪਿੰਡ ਰੋਡ ਉੱਤੇ ਰਾਤ ਨੂੰ ਸੁਪਰ ਸਕਸ਼ਨ ਮਸ਼ੀਨ ਨਾਲ ਸੀਵਰ ਸਫ਼ਾਈ ਦਾ ਕੰਮ ਕਰਵਾਇਆ ਜਾ ਰਿਹਾ ਸੀ | ਉੱਥੋਂ ਦੇ ਕੌਂਸਲਰ ਨੀਰਜ ਜੱਸਲ ਅਤੇ ਸਾਬਕਾ ਕੌਂਸਲਰ ਦੇਸਰਾਜ ਜੱਸਲ ਆਪ ਨੇਤਾ ਆਹਮੋ ਸਾਹਮਣੇ ਹੋ ਗਏ ਸਨ | ਦੇਸਰਾਜ ਜੱਸਲ ਉੱਥੇ ਸੀਵਰੇਜ ਦਾ ਖੁਲ੍ਹਵਾਉਣ ਦਾ ਕੰਮ ਕਰਵਾ ਰਹੇ ਸੀ | ਸੁਪਰ ਸਕਸ਼ਨ ਮਸ਼ੀਨ ਰਾਹੀਂ ਮੌਕੇ 'ਤੇ ਉਧਰੋਂ ਨੀਰਜ ਜੱਸਲ ਵੀ ਮੌਜੂਦ ਸਨ | ਦੱਸਿਆ ਜਾਂਦਾ ਹੈ ਕਿ ਦੋਵੇਂ ਆਗੂਆਂ ਵਿਚ ਬਹਿਸ ਵੀ ਹੋਈ | ਦੇਸ ਰਾਜ ਜੱਸਲ ਦਾ ਕਹਿਣਾ ਸੀ ਕਿ ਉਹ ਕੰਮ ਕਰਵਾ ਰਹੇ ਹਨ ਜਦਕਿ ਦੂਜੇ ਪਾਸੇ ਕੌਂਸਲਰ ਦਾ ਕਹਿਣਾ ਸੀ ਕਿ ਹੁਣ ਉਹ ਕੌਂਸਲਰ ਹਨ ਤੇ ਉਹ ਕੰਮ ਕਰਵਾ ਰਹੇ ਹਨ | ਇਸ ਮਾਮਲੇ ਦੀ ਵੀ ਕਾਫੀ ਚਰਚਾ ਹੋ ਰਹੀ ਹੈ | ਚੇਤੇ ਰਹੇ ਕਿ ਆਪ ਆਗੂ ਦੇਸਰਾਜ ਜੱਸਲ ਲੰਬੇ ਸਮੇਂ ਤੱਕ ਕੌਂਸਲਰ ਰਹੇ ਹਨ ਤੇ ਉਨ੍ਹਾਂ ਨੇ ਇਲਾਕੇ ਵਿਚ ਕਾਫੀ ਵਿਕਾਸ ਦੇ ਕੰਮ ਕਰਵਾਏ ਹਨ |