ਜਲੰਧਰ, 24 ਜਨਵਰੀ (ਜਸਪਾਲ ਸਿੰਘ)- ਸੰਯੁਕਤ ਕਿਸਾਨ ਮੋਰਚੇ ਵਲੋਂ 26 ਜਨਵਰੀ ਨੂੰ ਦਿੱਤੇ ਟਰੈਕਟਰ ਪਰੇਡ ਦੇ ਸੱਦੇ 'ਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਧ-ਚੜ੍ਹ ਕੇ ਹਿੱਸਾ ਲਵੇਗੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਅਤੇ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਇਹ ਟਰੈਕਟਰ ਪਰੇਡ 26 ਜਨਵਰੀ ਨੂੰ ਨਕੋਦਰ ਵਿਖੇ ਕੀਤਾ ਜਾ ਰਹੀ ਹੈ ਤੇ ਇਸ ਵਿਚ ਵੱਡੀ ਗਿਣਤੀ 'ਚ ਕਿਸਾਨ ਟਰੈਕਟਰ ਲੈ ਕੇ ਸ਼ਾਮਿਲ ਹੋਣਗੇ | ਸ. ਦੋਨਾ ਤੇ ਭਿੰਦਾ ਨੇ ਦੱਸਿਆ ਕਿ ਕਿਸਾਨ ਪਿੰਡ ਪ੍ਰਤਾਪਪੁਰਾ ਦਾਣਾ ਮੰਡੀ ਤੋਂ ਇਕੱਠੇ ਹੋ ਕੇ ਸਵੇਰੇ 10 ਵਜੇ ਨਕੋਦਰ ਨੂੰ ਰਵਾਨਾ ਹੋਣਗੇ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਟਰੈਕਟਰ ਸੜਕ ਦੇ ਇੱਕ ਪਾਸੇ ਲਾਈਨ ਵਿੱਚ ਵੱਡੇ ਕਾਫਲੇ ਰੂਪ 'ਚ ਲੈ ਕੇ ਚੱਲਣਗੇ ਜਿਸ ਨਾਲ ਕਿ ਕਿਸੇ ਨੂੰ ਕੋਈ ਤੰਗੀ ਪਰੇਸ਼ਾਨੀ ਨਾ ਆਵੇ ਤੇ ਇਹ ਟਰੈਕਟਰ ਮਾਰਚ ਸ਼ਾਂਤਮਈ ਢੰਗ ਨਾਲ ਨਕੋਦਰ ਸ਼ਹਿਰ ਵਿੱਚ ਕੱਢਿਆ ਜਾਵੇਗਾ |