ਸ਼ਾਹਕੋਟ, 24 ਜਨਵਰੀ (ਸੁਖਦੀਪ ਸਿੰਘ)- ਸ਼ਾਹਕੋਟ ਦੀ ਪੀਟਾ ਕਲੌਨੀ ਦੀਆਂ ਸੜਕਾਂ ਤੇ ਗਲੀਆਂ ਦੀ ਹਾਲਤ ਬਹੁਤ ਮਾੜੀ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਲੋਕਾਂ ਨੇ ਦੱਸਿਆ ਕਿ ਕਲੌਨੀ 'ਚ ਸਰਕਾਰੀ ਪਾਈਪ ਪਾਏ ਗਏ ਹਨ ਜਿਸ ਜਗ੍ਹਾ ਪਾਈਪ ਪਾਏ ਗਏ ਉਥੇ ਮਿੱਟੀ ਬੈਠਣ ਕਾਰਨ ਟੋਏ ਪਏ ਹੋਏ ਹਨ | ਇਸ ਕਲੌਨੀ 'ਚ ਇਕ ਨਿੱਜੀ ਸਕੂਲ ਹੈ, ਜਿੱਥੇ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਸਕੂਲ ਛੱਡਣ-ਲਿਆਉਣ, ਸਕੂਲ ਦੀਆਂ ਬੱਸਾਂ ਤੇ ਹੋਰ ਵਾਹਨ ਲੰਘਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬੀਤੇ ਦਿਨ ਪਏ ਭਾਰੀ ਮੀਂਹ ਨੇ ਕਲੋਨੀ ਦੀਆਂ ਗਲੀਆਂ ਚਿੱਕੜ ਨਾਲ ਭਰ ਦਿੱਤੀਆਂ ਤੇ ਸਾਰੇ ਪਾਸੇ ਤਿਲਕਣ ਹੋ ਗਈ | ਲੋਕ ਬਚ-ਬਚਾਅ ਕਰਦੇ ਬੜੀ ਮੁਸ਼ਕਲ ਨਾਲ ਇਥੋਂ ਲੰਘ ਰਹੇ ਹਨ | ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦੀ ਕਲੋਨੀ ਦੀਆਂ ਗਲੀਆਂ ਦੀ ਮੁਰੰਮਤ ਕਰਵਾਈ ਜਾਵੇ |