ਜਲੰਧਰ, 2 ਮਾਰਚ (ਸ਼ਿਵ)-ਸ੍ਰੋਮਣੀ ਅਕਾਲੀ ਦਲ ਦੇ ਕਰਤਾਰਪੁਰ ਹਲਕੇ ਦੇ ਇੰਚਾਰਜ ਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਨੇ ਰਾਏਪੁਰ ਦੇ ਨੇੜੇ ਇਕ ਫਾਰਮ 'ਚ ਕਰੀਬ 14 ਹਜ਼ਾਰ ਗ਼ਾਇਬ ਹੋਈਆਂ ਅਨਾਜ ਦੀਆਂ ਬੋਰੀਆਂ ਦੇ ਮਾਮਲੇ ਵਿਚ ਹੁਣ ਤੱਕ ਕੀਤੀ ਗਈ ਕਾਰਵਾਈ 'ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਕਰੋੜਾਂ ਰੁਪਏ ਦੀ ਗ਼ਾਇਬ ਕਣਕ ਦੇ ਮਾਮਲੇ 'ਚ ਐੱਸ. ਆਈ. ਟੀ. ਬਣਾ ਕੇ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਸਾਰੀ ਸੱਚਾਈ ਸਾਹਮਣੇ ਆ ਸਕੇ | ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਮਹਿੰਦਰ ਸਿੰਘ ਕੇ. ਪੀ. ਨੇ ਕਿਹਾ ਕਿ ਇਹ ਬੱਚਿਆਂ ਦੀ ਮਿਡ-ਡੇ-ਮੀਲ ਸਕੀਮ ਲਈ ਰੱਖੀ ਗਈ ਕਣਕ ਨੂੰ ਗ਼ਾਇਬ ਕੀਤਾ ਗਿਆ ਹੈ ਜਿਹੜਾ ਕਿ ਕਾਫੀ ਚਿੰਤਾਜਨਕ ਮਾਮਲਾ ਹੈ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ 'ਚ ਫਾਰਮ ਦੇ ਸਿਰਫ਼ ਇਕ ਵਿਅਕਤੀ ਉਪਕਾਰ ਸਿੰਘ ਹੋਠੀ ਖ਼ਿਲਾਫ਼ ਹੀ ਕੇਸ ਦਰਜ ਕੀਤਾ ਹੈ ਜਦਕਿ ਬਾਕੀ ਤਿੰਨ ਭਾਈਵਾਲਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ | ਜਿਸ ਵਿਅਕਤੀ ਦੇ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਹੈ, ਉਸ ਨੂੰ ਅਜੇ ਤੱਕ ਗਿ੍ਫ਼ਤਾਰ ਨਹੀਂ ਕੀਤਾ ਗਿਆ ਹੈ | ਸਾਬਕਾ ਸੰਸਦ ਮੈਂਬਰ ਨੇ ਇਸ ਮਾਮਲੇ 'ਚ ਸ਼ਾਮਿਲ ਇਕ ਵਿਅਕਤੀ ਦੀ ਸੱਤਾਧਾਰੀ ਆਗੂਆਂ ਨਾਲ ਤਸਵੀਰਾਂ ਦਿਖਾਉਂਦੇ ਹੋਏ ਦੋਸ਼ ਲਗਾਇਆ ਕਿ ਇਸ ਮਾਮਲੇ 'ਚ ਦਬਾਅ ਹੋਣ ਕਰਕੇ ਪਾਰਦਰਸ਼ਕ ਤਰੀਕੇ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ | ਸ੍ਰੀ ਕੇ. ਪੀ. ਨੇ ਕਿਹਾ ਕਿ ਇਸ ਮਾਮਲੇ 'ਚ ਪਹਿਲਾਂ ਹੀ ਆਲੂ ਗ਼ਾਇਬ ਹੋਣ ਬਾਰੇ 26 ਦੇ ਕਰੀਬ ਸ਼ਿਕਾਇਤਾਂ ਕੀਤੀਆਂ ਗਈਆਂ ਸੀ ਪਰ ਉਸ ਮਾਮਲੇ 'ਚ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ 'ਚ ਪਾਰਦਰਸ਼ਕ ਤਰੀਕੇ ਨਾਲ ਕਾਰਵਾਈ ਕਰਕੇ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਜਾਣਾ ਚਾਹੀਦਾ ਹੈ | ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਕਾਹਲੋਂ, ਸਤਨਾਮ ਸਿੰਘ ਮਿੰਟੂ ਸਰਾਏਖਾਸ, ਗੁਰਨੇਕ ਸਿੰਘ ਢਿੱਲੋਂ, ਸਰਦੂਲ ਸਿੰਘ ਬੂਟਾ, ਸੇਵਾ ਸਿੰਘ ਕਰਤਾਰਪੁਰ, ਗੁਰਦੇਵ ਸਿੰਘ ਮਾਹਲ, ਬਲਜੀਤ ਸਿੰਘ ਸੰਗਲ਼ ਸੋਹਲ, ਰੇਸ਼ਮ ਸਿੰਘ ਦੋਨਾ ਚੱਕ ਤੇ ਹੋਰ ਵੀ ਹਾਜ਼ਰ ਸਨ |