ਜਲੰਧਰ, 3 ਮਾਰਚ (ਸ਼ਿਵ)-ਭਾਜਪਾ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਆਪਣੇ ਇਕ ਜਾਰੀ ਬਿਆਨ 'ਚ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੂਬੇ ਵਿਚ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਸੀ ਪਰ ਇਸ ਮੁਹਿੰਮ ਦੇ ਬਾਵਜੂਦ ਨਸ਼ਿਆਂ ਦੇ ਵਿਕਣ ਬਾਰੇ ਸੂਚਨਾ ਦੇਣ ਵਾਲਿਆਂ 'ਤੇ ਲਗਾਤਾਰ ਹਮਲਿਆਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ, ਜਿਸ ਕਰਕੇ ਉਹ ਸੂਬੇ ਵਿਚ ਸੁਰੱਖਿਅਤ ਨਹੀਂ ਹਨ | ਸ. ਆਰ. ਪੀ. ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੂਬੇ ਵਿਚ ਕਈ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿਚ ਲੋਕਾਂ ਵਲੋਂ ਜੇਕਰ ਨਸ਼ਿਆਂ ਦੇ ਵਿਕਣ ਬਾਰੇ ਸੂਚਨਾ ਦਿੱਤੀ ਗਈ ਸੀ, ਉਨ੍ਹਾਂ ਲੋਕਾਂ 'ਚ ਕਈਆਂ 'ਤੇ ਜਾਨਲੇਵਾ ਹਮਲੇ ਹੋਏ ਸਨ ਜਿਸ ਕਰਕੇ ਲੋਕਾਂ 'ਚ ਇਸ ਨੂੰ ਲੈ ਕੇ ਦਹਿਸ਼ਤ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਸੂਚਨਾ ਦੇਣ ਵਾਲਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿਚ ਅਸਫਲ ਰਹੀ ਹੈ |