ਜਲੰਧਰ, 3 ਮਾਰਚ (ਜਸਪਾਲ ਸਿੰਘ)-ਮੱਧ ਪ੍ਰਦੇਸ਼ ਦੇ ਰਤਲਾਮ ਵਿਖੇ ਬੀਤੇ ਕੱਲ੍ਹ ਲੋਕ ਸੇਵਾ ਕਮਿਸ਼ਨ ਵਲੋਂ ਲਈ ਗਈ ਪ੍ਰੀਖਿਆ ਦੌਰਾਨ ਅੰਮਿ੍ਤਧਾਰੀ ਸਿੱਖ ਪ੍ਰੀਖਿਆਰਥੀ ਬੱਚੀ ਦੀ ਦਸਤਾਰ ਤੇ ਕਿਰਪਾਨ ਲੁਹਾਉਣ ਦੇ ਮਾਮਲੇ 'ਤੇ ਸੀਨੀਅਰ ਅਕਾਲੀ ਆਗੂ ਸੁਖਮਿੰਦਰ ਸਿੰਘ ਰਾਜਪਾਲ ਨੇ ਸਖ਼ਤ ਇਤਰਾਜ਼ ਜਤਾਇਆ ਹੈ | ਰਾਜਪਾਲ ਨੇ ਕਿਹਾ ਕਿ ਸਿੱਖ ਧਰਮ ਦੇ ਸਿਧਾਂਤਾਂ ਤੇ ਰਵਾਇਤਾਂ ਤੋਂ ਸਾਰੇ ਦੇਸ਼ ਦੇ ਲੋਕ ਚੰਗੀ ਤਰ੍ਹਾਂ ਜਾਣੂ ਹਨ ਅਤੇ ਸਿੱਖ ਕਕਾਰਾਂ ਤੋਂ ਵੀ ਲੋਕਾਂ ਨੂੰ ਕਿਸੇ ਕਿਸਮ ਦੀ ਅਗਿਆਨਤਾ ਨਹੀਂ ਹੈ | ਪਰ ਇਸ ਦੇ ਬਾਵਜੂਦ ਵੀ ਕਕਾਰਾਂ 'ਤੇ ਸਵਾਲ ਚੁੱਕਣੇ ਦੁਖਦਾਈ ਹਨ | ਬਾਰ-ਬਾਰ ਸਿੱਖ ਬੱਚਿਆਂ ਨੂੰ ਪ੍ਰੀਖਿਆਵਾਂ 'ਚ ਕਕਾਰ ਪਹਿਨਣ ਤੋਂ ਰੋਕਣਾ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਹੈ ਅਤੇ ਸਿੱਖਾਂ ਨੂੰ ਆਪਣੇ ਹੀ ਦੇਸ਼ ਅੰਦਰ ਬੇਗਾਨਗੀ ਤੇ ਗੁਲਾਮੀ ਦਾ ਅਹਿਸਾਸ ਕਰਾਉਣ ਵਾਂਗ ਹੈ | ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਕਿ ਪ੍ਰੀਖਿਆ ਸਟਾਫ਼ ਵਲੋਂ ਮੁਆਫ਼ੀ ਮੰਗ ਲਈ ਗਈ ਹੈ, ਪਰ ਅਜਿਹਾ ਵਾਪਰਨ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ | ਰਾਜਪਾਲ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਹਰ ਸੂਬੇ ਦੀ ਸਰਕਾਰ ਨੂੰ ਸਿੱਖਾਂ ਦੇ ਕਕਾਰਾਂ ਤੇ ਧਾਰਮਿਕ ਚਿੰਨ੍ਹਾਂ ਬਾਰੇ ਇਹ ਆਦੇਸ਼ ਜਾਰੀ ਕਰੇ ਕਿ ਕਿਸੇ ਵੀ ਪ੍ਰੀਖਿਆ ਦੌਰਾਨ ਸਿੱਖ ਕਕਾਰਾਂ ਦਾ ਸਨਮਾਨ ਬਹਾਲ ਰੱਖਿਆ ਜਾਵੇ ਤੇ ਜੇ ਕੋਈ ਇਸ ਦੀ ਉਲੰਘਣਾ ਕਰੇ ਤਾਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ |