ਜਲੰਧਰ, 3 ਮਾਰਚ (ਹਰਵਿੰਦਰ ਸਿੰਘ ਫੁੱਲ)-ਬੰਬੇ ਨਗਰ ਵੈੱਲਫੇਅਰ ਸੁਸਾਇਟੀ ਵਲੋਂ ਕਾਲੋਨੀ ਦੇ ਪਾਰਕ ਵਿਖੇ ਜਨਰਲ ਬਾਡੀ ਮੀਟਿੰਗ ਹੋਈ, ਜਿਸ 'ਚ ਇਲਾਕੇ ਦੇ ਕੌਂਸਲਰ ਪਵਨ ਕੁਮਾਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਵੱਡੀ ਗਿਣਤੀ 'ਚ ਕਾਲੋਨੀ ਨਿਵਾਸੀਆਂ ਨੇ ਸ਼ਮੂਲੀਅਤ ਕਰਦੇ ਹੋਏ ਇਲਾਕੇ ਦੇ ਵਿਕਾਸ ਤੇ ਸਾਂਝੇ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਕੌਂਸਲਰ ਪਵਨ ਕੁਮਾਰ ਨੇ ਕਾਲੋਨੀ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਬੰਬੇ ਨਗਰ ਦੇ ਵਿਕਾਸ ਕਾਰਜ ਲਗਾਤਾਰ ਕਰਵਾਏ ਜਾਂਦੇ ਰਹਿਣਗੇ | ਉਨ੍ਹਾਂ ਦੱਸਿਆ ਕਿ ਸਟਰੀਟ ਲਾਈਟਾਂ ਦੀ ਸੰਭਾਲ, ਗਟਰਾਂ ਦੀ ਸਫ਼ਾਈ ਤੇ ਹੋਰ ਬੁਨਿਆਦੀ ਸੁਵਿਧਾਵਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦੋ ਤਿੰਨ ਮਹੀਨਿਆਂ 'ਚ ਕਾਲੋਨੀ ਦੀਆਂ ਸੜਕਾਂ ਦੀ ਮੁੜ ਤਾਮੀਰ ਵੀ ਕਰਵਾਈ ਜਾਵੇਗੀ | ਮੀਟਿੰਗ ਦੌਰਾਨ ਕਾਲੋਨੀ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਸੁਝਾਅ ਪੇਸ਼ ਕਰਦੇ ਹੋਏ ਖ਼ਾਸ ਤੌਰ 'ਤੇ ਖ਼ਾਲੀ ਪਲਾਟਾਂ ਅਤੇ ਕਿਰਾਏ ਦੇ ਮਕਾਨਾਂ 'ਚ ਰਹਿ ਰਹੇ ਪ੍ਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਲਾਜ਼ਮੀ ਕਰਵਾਉਣ 'ਤੇ ਸਹਿਮਤੀ ਜਤਾਈ ਗਈ, ਤਾਂ ਜੋ ਕਾਨੂੰਨ-ਵਿਵਸਥਾ ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਬਣ ਸਕਣ | ਸਮਾਗਮ ਦੇ ਅੰਤ 'ਚ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਨੇ ਸਮੂਹ ਕਾਲੋਨੀ ਨਿਵਾਸੀਆਂ ਵਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ |