ਜਮਸ਼ੇਰ ਖਾਸ , 16 ਅਪ੍ਰੈਲ (ਹਰਵਿੰਦਰ ਕੁਮਾਰ)-ਸ਼੍ਰੋਮਣੀ ਅਕਾਲੀ ਦਲ ਜਲੰਧਰ ਛਾਉਣੀ ਦੇ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਅੱਜ ਜਲੰਧਰ ਛਾਉਣੀ ਦੀਆਂ ਵੱਖ ਵੱਖ ਮੰਡੀਆਂ ਦਾ ਦੌਰਾ ਕਰਨ ਤੋਂ ਬਾਅਦ ਜਮਸ਼ੇਰ ਖ਼ਾਸ ਅਨਾਜ ਮੰਡੀ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਹਾਲਾਤ ਦਿਨੋਂ-ਦਿਨ ਖਰਾਬ ਹੁੰਦੇ ਜਾ ਰਹੇ ਹਨ | ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਮੰਡੀ ਵਿੱਚ ਨਾ ਤਾਂ ਲਿਫਟਿੰਗ ਹੋ ਰਹੀ ਹੈ ਅਤੇ ਨਾ ਹੀ ਬਾਰਦਾਨਾ ਉਪਲੱਬਧ ਹੈ, ਜਿਸ ਕਾਰਨ ਕਿਸਾਨਾਂ ਦੀ ਫਸਲ ਖੁੱਲ੍ਹੇ ਆਸਮਾਨ ਹੇਠਾਂ ਪਈ ਖਤਰੇ 'ਚ ਹੈ | ਹਰਜਾਪ ਸਿੰਘ ਸੰਘਾ ਨੇ ਕੜੇ ਸ਼ਬਦਾਂ ਵਿੱਚ ਸਰਕਾਰ ਨੂੰ ਘੇਰਦਿਆਂ ਕਿਹਾ, ਜਦ ਮੰਡੀ ਵਿੱਚ ਨਾ ਲਿਫਟਿੰਗ ਹੋਵੇ ਤੇ ਨਾ ਬਾਰਦਾਨਾ ਤਾਂ ਇਹ ਸਿੱਧਾ ਕਿਸਾਨਾਂ ਨਾਲ ਧੋਖਾ ਹੈ | ਸਰਕਾਰ ਪੂਰੀ ਤਰਾਂ ਨਾਕਾਮ ਸਾਬਤ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਪਹਿਲਾਂ ਹੀ ਬੁਨਿਆਦੀ ਸਹੂਲਤਾਂ ਦੀ ਕਮੀ ਹੈ ਜਿਵੇਂ ਕਿ ਨਾ ਢੰਗ ਦਾ ਫਰਸ਼, ਨਾ ਫਸਲ ਲਈ ਸ਼ੈੱਡ ਅਤੇ ਨਾ ਹੀ ਕਿਸਾਨਾਂ ਲਈ ਬੈਠਣ ਵਾਸਤੇ ਕੋਈ ਪ੍ਰਬੰਧ ਅਤੇ ਮੰਡੀ ਵਿੱਚ ਆੜ੍ਹਤੀਆਂ ਲਈ ਪੱਕੀਆਂ ਦੁਕਾਨਾਂ ਵੀ ਨਹੀਂ ਹਨ | ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਮਿਹਨਤ ਦੀ ਕਮਾਈ ਲੈ ਕੇ ਮੰਡੀ 'ਚ ਖੁੱਲੇ ਅਸਮਾਨ ਥੱਲੇ ਖੜਾ ਹੈ,ਪਰ ਸਰਕਾਰ ਕੋਲ ਨਾ ਕੋਈ ਯੋਜਨਾ ਹੈ ਨਾ ਇਰਾਦਾ ਹੈ | ਉਨ੍ਹਾਂ ਨੇ ਅਨਾਜ ਮੰਡੀ ਵਿੱਚ ਮੌਜੂਦ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇ ਤੁਰੰਤ ਬਾਰਦਾਨਾ ਉਪਲੱਬਧ ਕਰਵਾ ਕੇ ਲਿਫਟਿੰਗ ਸ਼ੁਰੂ ਨਾ ਕੀਤੀ ਗਈ ਤਾਂ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ |