ਜਲੰਧਰ, 8 ਮਈ (ਜਤਿੰਦਰ ਪੰਮੀ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਵਲੋਂ ਜਾਗਰੂਕਤਾ ਵਾਹਨ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਵੈਨ ਰਾਹੀਂ ਦੋ ਦਿਨ ਵਿਧਾਨ ਸਭਾ ਹਲਕਾ ਪੱਛਮੀ ਦੇ ਹਰ ਵਾਰਡ ਵਿੱਚ ਪਹੁੰਚ ਕਰਕੇ ਲੋਕਾਂ ਨੂੰ ਨਸ਼ਿਆਂ ਦੀ ਲਾਹਣਤ ਖਿਲਾਫ ਲਾਮਬੰਦ ਕੀਤਾ ਜਾਵੇਗਾ | ਇਹ ਪ੍ਰਗਟਾਵਾ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵਲੋਂ ਬਸਤੀ ਨੌ ਤੋਂ ਨਸ਼ਿਆਂ ਖਿਲਾਫ ਜਾਗਰੂਕਤਾ ਵਾਹਨ ਰਵਾਨਾ ਕਰਨ ਮੌਕੇ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਦਿ੍ੜ ਸੰਕਲਪ ਹੈ ਅਤੇ ਇਸੇ ਵਚਨਬੱਧਤਾ ਤਹਿਤ ਨਸ਼ੇ ਦੇ ਕਾਰੋਬਾਰੀਆਂ ਖਿਲਾਫ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਨਸ਼ਾ ਇਕ ਸਮਾਜਿਕ ਬੁਰਾਈ ਹੈ, ਜਿਸ ਨੂੰ ਸਮਾਜ ਦੇ ਹਰੇਕ ਵਰਗ ਦੇ ਸਹਿਯੋਗ ਨਾਲ ਜੜ੍ਹੋਂ ਖਤਮ ਕੀਤਾ ਜਾਵੇਗਾ | ਇਸ ਮੌਕੇ ਏ.ਸੀ.ਪੀ. ਵੈਸਟ ਆਤਿਸ਼ ਭਾਟੀਆ, ਨਾਇਬ ਤਹਿਸੀਲਦਾਰ ਗੁਰਸਿਮਰਨ ਸਿੰਘ, ਦੋਆਬਾ ਇੰਚਾਰਜ ਨਸ਼ਾ ਮੁਕਤੀ ਮੋਰਚਾ ਅਤੀਨ ਅਗਨੀਹੋਤਰੀ, ਸੰਜੀਵ ਭਗਤ, ਸੰਗਠਨ ਇੰਚਾਰਜ ਵੈਸਟ ਹਰਚਰਨ ਸਿੰਘ ਸੰਧੂ, ਕੌਂਸਲਰ ਹਰਜਿੰਦਰ ਲਾਡਾ, ਵਾਈਸ ਪ੍ਰਧਾਨ ਨਸ਼ਾ ਮੁਕਤੀ ਮੋਰਚਾ ਸੈਂਕੀ ਭਗਤ, ਚਾਹਤ ਕੌਰ, ਕੁਮ ਕੁਮ, ਨੀਰਜ ਸ਼ਰਮਾ, ਮੋਨੂੰ ਭਗਤ, ਕੁਲਦੀਪ ਭਗਤ, ਵਰੁਣ ਸੱਜਣ ਬਲਾਕ ਪ੍ਰਧਾਨ, ਜੈਰਥ ਕਾਕਾ ਅਤੇ ਇਲਾਕਾ ਵਾਸੀ ਵੀ ਮੌਜੂਦ ਸਨ |