ਚੁਗਿੱਟੀ/ਜੰਡੂਸਿੰਘਾ, 8 ਮਈ (ਨਰਿੰਦਰ ਲਾਗੂ)-'ਬੀਤੇ ਕੱਲ੍ਹ ਜਲੰਧਰ ਤੇ ਇਸ ਤੋਂ ਪਹਿਲਾਂ ਅੰਮਿ੍ਤਸਰ 'ਚ ਹੋਏ ਬੰਧ ਧਮਾਕੇ ਸਾਬਤ ਕਰਦੇ ਹਨ ਕਿ ਪੰਜਾਬ ਦਾ ਖੁਫ਼ੀਆ ਤੰਤਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਿਹਾ ਹੈ | ਅੱਜ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਵੱਡੇ ਪੱਧਰ 'ਤੇ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ | ਸਰਕਾਰ ਆਪਣੇ ਫਰਜ਼ਾਂ ਪ੍ਰਤੀ ਗੰਭੀਰ ਵਿਖਾਈ ਨਹੀਂ ਦੇ ਰਹੀ |' ਇਹ ਪ੍ਰਗਟਾਵਾ ਆਪਣੇ ਸਾਥੀਆਂ ਨਾਲ ਲੰਮਾ ਪਿੰਡ ਵਿਖੇ ਨੁੱਕੜ ਬੈਠਕ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਵਲੋਂ ਕੀਤਾ ਗਿਆ | ਉਨ੍ਹਾਂ ਆਖਿਆ ਕਿ ਮੌਜੂਦਾ ਪੰਜਾਬ ਸਰਕਾਰ ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਹੈ | ਅਜੋਕੇ ਸਮੇਂ 'ਚ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਚਿੰਤਾਜਨਕ ਬਣ ਚੁੱਕੀ ਹੈ | ਇਨ੍ਹਾਂ ਬੰਬ ਧ੍ਰਮਾਕਿਆਂ ਨੇ ਪੰਜਾਬ ਸਰਕਾਰ ਦੀ ਅਮਨ ਸ਼ਾਂਤੀ ਪ੍ਰਤੀ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਸੂਬੇ ਦੀ ਜਨਤਾ 'ਚ ਡਰ ਵਾਲਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ | ਪਿਛਲੇ ਕੁਝ ਹੀ ਦਿਨਾਂ 'ਚ ਹੋਏ ਇਨ੍ਹਾਂ ਧਮਾਕਿਆਂ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਗੰਭੀਰ ਨਹੀਂ ਹਨ | ਪੰਜਾਬ ਹੋ ਰਹੀਆਂ ਅਗਾਮੀ ਚੋਣਾਂ ਨੂੰ ਮੁੱਖ ਰੱਖ ਕੇ ਅਜਿਹੇ ਬਿਰਤਾਂਤ ਰਚੇ ਜਾ ਰਹੇ ਹਨ | ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਧਮਾਕਿਆਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਾ ਹੈ | ਉਨ੍ਹਾਂ ਆਖਿਆ ਕਿ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਠੋਸ ਕਦਮ ਚੁੱਕੇ ਜਾਣ ਦੀ ਲੋੜ ਹੈ | ਇਸ ਮੌਕੇ ਉਨ੍ਹਾਂ ਨਾਲ ਜਗਜੀਤ ਸਿੰਘ ਖ਼ਾਲਸਾ, ਮਹਿੰਦਰ ਸਿੰਘ ਜੰਬਾ, ਦਲਜੀਤ ਸਿੰਘ, ਲਾਲ ਚੰਦ, ਫੁੰਮਣ ਸਿੰਘ, ਪ੍ਰਗਟ ਸਿੰਘ, ਸੁਰਿੰਦਰਪਾਲ, ਕਮਲਜੀਤ ਸਿੰਘ, ਪ੍ਰਕਾਸ਼, ਮਨਜੀਤ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ |