ਜਲੰਧਰ, 9 ਮਈ (ਸ਼ਿਵ)- ਨਗਰ ਨਿਗਮ ਵਲੋੇਂ ਭਾਰਗੋ ਕੈਂਪ ਚੱਕੀ ਦੀਪੂ ਸੀਮੈਂਟ ਵਾਲੇ ਦੇ ਕੋਲ ਅੱਜ ਇਕ ਸਾਲਾਂ ਪੁਰਾਣੀ ਉਸਾਰੀ ਢਾਹ ਦਿੱਤਾ ਗਈ | ਨਗਰ ਨਿਗਮ ਦੀ ਇਸ ਕਾਰਵਾਈ ਨਾਲ ਇਸ ਇਲਾਕੇ ਦੀ ਜਿਹੜੀ ਸੜਕ ਪਹਿਲਾਂ 20 ਤੋਂ 22 ਫੁਟ ਰਹਿ ਗਈ ਸੀ ਪਰ ਅੱਜ ਨਿਗਮ ਨੇ ਇਸ ਮਾਮਲੇ ਵਿਚ ਟ੍ਰੈਫਿਕ ਸਮੱਸਿਆ ਨੂੰ ਰਾਹਤ ਦੇਣ ਲਈ ਇਸ ਉਸਾਰੀ ਢਾਹ ਦਿੱਤਾ | ਇਸ ਕਬਜ਼ੇ ਦੇ ਢਾਹੇ ਜਾਣ ਤੋਂ ਬਾਅਦ ਇਹ ਸੜਕ 50 ਫੁਟ ਤੋਂ ਲੈ ਕੇ 60 ਫੁੱਟ ਤੱਕ ਚੌੜੀ ਹੋ ਗਈ ਹੈ ਜਿਸ ਨਾਲ ਹੁਣ ਲੋਕਾਂ ਨੂੰ ਆਉਣ ਜਾਣ ਲਈ ਵੀ ਰਾਹਤ ਮਿਲੇਗੀ | ਉਂਜ ਕਈ ਸਾਲ ਪਹਿਲਾਂ ਇਸ ਦੇ ਨਾਲ ਦੁਕਾਨਾਂ ਦੀ ਉਸਾਰੀ ਵੀ ਤੋੜੀ ਗਈ ਦੱਸੀ ਜਾ ਰਹੀ ਹੈ | ਲੋਕਾਂ ਨੇ ਇਸ ਥਾਂ 'ਤੇ ਉਸਾਰੀ ਹਟਣ ਨਾਲ ਕਾਫੀ ਰਾਹਤ ਮਹਿਸੂਸ ਕੀਤੀ | ਜਦੋਂ ਇਸ ਜਗਾ 'ਤੇ ਨਿਗਮ ਦੀ ਡਿੱਚ ਵਲੋਂ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਉਸ ਵੇਲੇ ਨਾਲ ਸੰਬੰਧਿਤ ਥਾਣੇ ਦੇ ਪੁਲਿਸ ਕਰਮਚਾਰੀ ਵੀ ਤੈਨਾਤ ਕੀਤੇ ਗਏ ਸਨ | ਇਸ ਮਾਮਲੇ ਵਿਚ ਕਾਰਵਾਈ ਕਰਨ ਲਈ ਬਿਲਡਿੰਗ ਵਿਭਾਗ ਨੂੰ ਹਦਾਇਤ ਕੀਤੀ ਗਈ ਸੀ ਜਿਸ ਨੇ ਅੱਜ ਇਹ ਕਾਰਵਾਈ ਦੀ ਪ੍ਰਕਿਰਿਆ ਪੂਰੀ ਕੀਤੀ | ਉਧਰ ਨਗਰ ਨਿਗਮ ਦੇ ਬੀ. ਐਂਡ. ਆਰ. ਵਿਭਾਗ ਦੇ ਐੱਸ. ਈ. ਇੰਜ. ਰਜਨੀਸ਼ ਡੋਗਰਾ ਨੇ ਦੱਸਿਆ ਕਿ ਜਿਸ ਜਗਾ 'ਤੋਂ ਉਸਾਰੀ ਹਟਾਈ ਗਈ ਹੈ | ਉੱਥੋਂ ਐਤਵਾਰ ਨੂੰ ਮਲਬਾ ਹਟਾਇਆ ਜਾਵੇਗਾ ਤਾਂ ਲੋਕਾਂ ਦੀ ਮੰਗ 'ਤੇ ਇਸ ਜਗਾ 'ਤੇ ਹੁਣ ਸੜਕ ਬਣਾਈ ਜਾਵੇਗੀ |