ਜਲੰਧਰ, 10 ਜੁਲਾਈ (ਜਤਿੰਦਰ ਪੰਮੀ)–ਪੰਜਾਬ ਸਰਕਾਰ ਵਲੋਂ ਔਰਤਾਂ ਲਈ ਸ਼ੁਰੂ ਕੀਤੀ ਗਈ ‘ਮਾਵਾਂ-ਧੀਆਂ ਸਤਿਕਾਰ’ ਯੋਜਨਾ ਦੀ ਤਿੰਨ ਮਹੀਨਿਆਂ ਪਹਿਲੀ ਕਿਸ਼ਤ ਔਰਤਾਂ ਦੇ ਖਾਤੇ ’ਚ ਆਉਣ ਤੋਂ ਬਾਅਦ ਜ਼ਿਲ੍ਹੇ ’ਚ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਕਰਨ ਵਾਸਤੇ ਬੀਬੀਆਂ ’ਚ ਦੌੜ ਲੱਗੀ ਹੋਈ ਹੈ। ਸਮਾਜਿਕ ਸੁਰੱਖਿਆ ਵਿਭਾਗ ਵਲੋਂ 10 ਜੁਲਾਈ ਤਕ 9 ਵਿਧਾਨ ਸਭਾ ਹਲਕਿਆਂ ਅੰਦਰ 4,51,725 ਔਰਤਾਂ ਦੀ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਕਰ ਲਈ ਗਈ ਹੈ। ਹਾਲਾਂਕਿ ਇਨ੍ਹਾਂ ਵਿਚੋਂ ਜ਼ਿਲ੍ਹੇ ਦੀਆਂ 2,34,701 ਔਰਤਾਂ ਦੇ ਬੈਂਕ ਖਾਤਿਆਂ ’ਚ ਤਿੰਨ ਮਹੀਨਿਆਂ ਦੀ ਲਾਭ ਰਾਸ਼ੀ ਦੀ ਪਹਿਲੀ ਕਿਸ਼ਤ ਪੈ ਚੁੱਕੀ ਹੈ ਜਦੋਂਕਿ ਰਜਿਸਟ੍ਰੇਸ਼ਨ ਦਾ ਕੰਮ ਲਗਾਤਾਰ ਜਾਰੀ ਹੈ। ਲਾਭ ਹਾਸਲ ਕਰਨ ਵਾਲੀਆਂ ਔਰਤਾਂ ’ਚ 1,17,335 ਜਨਰਲ ਵਰਗ ਨਾਲ ਸੰਬੰਧਤ ਹਨ ਜਦੋਂਕਿ 1,17,366 ਐੱਸ. ਸੀ ਵਰਗ ਨਾਲ ਸੰਬੰਧਤ ਔਰਤਾਂ ਸ਼ਾਮਲ ਹਨ। ਇਸ ਯੋਜਨਾ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ 3000 ਰੁਪਏ ਅਤੇ ਐੱਸ. ਸੀ. ਵਰਗ ਦੀਆਂ ਔਰਤਾਂ ਨੂੰ 4500 ਰੁਪਏ ਪ੍ਰਤੀ ਲਾਭਪਾਤਰੀ ਮਿਲੇ ਸਨ, ਜਿਸ ਤਹਿਤ ਜ਼ਿਲ੍ਹੇ ਦੀ ਕੁੱਲ ਲਾਭ ਰਾਸ਼ੀ 88,01,52,000 ਰੁਪਏ ਬਣੀ ਸੀ। ਇਸ ਯੋਜਨਾ ਦਾ ਲਾਭ ਲੈਣ ਲਈ ਰਹਿੰਦੀਆਂ ਔਰਤਾਂ ਵਲੋਂ ਰਜਿਸਟ੍ਰੇਸ਼ਨ ਕਰਵਾਉਣ ਲਈ ਲੋੜੀਂਦੇ ਦਸਤਾਵੇਜ਼ ਤਿਆਰ ਕਰਵਾਉਣ ਅਤੇ ਅਰਜ਼ੀਆਂ ਦੇਣ ਲਈ ਜ਼ਿਲ੍ਹੇ ਭਰ ਦੇ ਸੇਵਾ ਕੇਂਦਰਾਂ ਦੇ ਬਾਹਰ ਰੋਜ਼ਾਨਾ ਹੀ ਲੰਮੀਆਂ-ਲੰਮੀਆਂ ਕਤਾਰਾਂ ਲੱਗ ਰਹੀਆਂ ਹਨ ਅਤੇ ਲੋਕਾਂ ਨੂੰ ਘੰਟਿਆਂਬੱਧੀ ਖੜ੍ਹੇ ਹੋਣਾ ਪੈ ਰਿਹਾ ਹੈ ਪਰ ਸਰਕਾਰੀ ਯੋਜਨਾ ਦਾ ਲਾਭ ਲੈਣ ਲਈ ਲੋਕਾਂ ਦਾ ਉਤਸ਼ਾਹ ਕਾਫੀ ਵਧਿਆ ਹੋਇਆ ਹੈ। ਸੇਵਾ ਕੇਂਦਰਾਂ ਤੋਂ ਇਲਾਵਾ ਸ਼ਹਿਰੀਆਂ ਇਲਾਕਿਆਂ ਕੌਂਸਲਰਾਂ ਅਤੇ ਪਿੰਡਾਂ ਵਿੱਚ ਸਰਪੰਚਾਂ ਦੇ ਘਰਾਂ ’ਚ ਵੀ ਲੋਕ ਰਜਿਸਟ੍ਰੇਸ਼ਨ ਕਰਵਾਉਣ ਲਈ ਰੋਜ਼ਾਨਾ ਪੁੱਜ ਰਹੇ ਹਨ। ਜ਼ਿਲ੍ਹਾ ਪ੍ਰੋਗਰਾਮ ਅਫਸਰ ਗੁਲਬਹਾਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਜ਼ਿਲ੍ਹੇ 9 ਵਿਧਾਨ ਸਭਾ ਹਲਕਿਆਂ ਅੰਦਰ ਮਾਵਾਂ-ਧੀਆਂ ਸਤਿਕਾਰ ਯੋਜਨਾ ਲਈ ਯੋਗ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਹੁਣ ਤਕ ਜ਼ਿਲ੍ਹੇ ’ਚ 4,51,725 ਔਰਤਾਂ ਰਜਿਸਟਰ ਹੋ ਚੁੱਕੀਆਂ ਹਨ। ਸ਼ਹਿਰ ਦੇ ਮੁਕਾਬਲੇ ਪੇਂਡੂ ਹਲਕਿਆਂ ਦੀਆਂ ਔਰਤਾਂ ’ਚ ਯੋਜਨਾ ਦਾ ਲਾਭ ਲੈਣ ਲਈ ਵਧੇਰੇ ਉਤਸ਼ਾਹ ਪਾਇਆ ਜਾ ਰਿਹਾ ਹੈ। ਪ੍ਰਾਪਤ ਅੰਕੜਿਆਂ ਮੁਤਾਬਕ ਪੇਂਡੂ ਵਿਧਾਨ ਸਭਾ ਹਲਕਿਆਂ ਆਦਮਪੁਰ, ਕਰਤਾਰਪੁਰ, ਨਕੋਦਰ, ਫਿਲੌਰ ਤੇ ਸ਼ਾਹਕੋਟ ਵਿੱਚ ਯੋਜਨਾ ਲਈ ਹੋਈ ਰਜਿਸਟ੍ਰੇਸ਼ਨ ਸ਼ਹਿਰ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਮੁਕਾਬਲੇ ਜ਼ਿਆਦਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਵਾਰਡ-49 ਦੇ ਕੌਂਸਲਰ ਜਸਪਾਲ ਕੌਰ ਭਾਟੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਔਰਤਾਂ ਲਈ ਲਿਆਂਦੀ ਇਸ ਯੋਜਨਾ ਨੂੰ ਲੈ ਕੇ ਔਰਤਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ’ਚ ਸਰਕਾਰ ਵਲੋਂ ਨਿਰਧਾਰਤ ਯੋਗਤਾ ਪੂਰਾ ਕਰਨ ਵਾਲੀਆਂ ਔਰਤਾਂ ਰਜਿਸਟ੍ਰੇਸ਼ਨ ਕਰਵਾ ਰਹੀਆਂ ਹਨ।