ਜਲੰਧਰ, 10 ਜੁਲਾਈ (ਐੱਮ. ਐੱਸ. ਲੋਹੀਆ) - ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਸੱਦੇ ‘ਤੇ ਸਮੂਹ ਪੰਜਾਬ ’ਚ “ਬਲੈਕ ਡੇ” ਬੜੇ ਰੋਸ, ਗੁੱਸੇ ਅਤੇ ਜੋਸ਼ ਨਾਲ ਮਨਾਇਆ ਗਿਆ। ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਕਾਲੇ ਚੋਲੇ ਅਤੇ ਕਾਲੇ ਸੂਟ ਪਾ ਕੇ ਦੇਸ਼ ਭਗਤ ਯਾਦਗਾਰ ਹਾਲ ਤੋਂ ਡੀ.ਸੀ. ਦਫ਼ਤਰ ਤੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਕੇਂਦਰ ਅਤੇ ਸੂਬਾ ਸਰਕਾਰਾਂ ਵਿਰੋਧੀ ਨਾਅਰੇ ਲਗਾਏ ਗਏ। ਇਸ ਰੋਸ ਧਰਨੇ ਦੀ ਪ੍ਰਧਾਨਗੀ ਕਰਦਿਆਂ ਨਿਰਲੇਪ ਕੌਰ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁੱਕਰ ਕੇ ਹਜ਼ਾਰਾਂ ਮਹਿਲਾ ਮੁਲਾਜ਼ਮਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਕਈ ਦੌਰ ਦੀਆਂ ਮੀਟਿੰਗਾਂ ਕਰਕੇ ਵੀ ਸਰਕਾਰ ਨੇ ਕੋਈ ਠੋਸ ਫ਼ੈਸਲਾ ਨਹੀਂ ਲਿਆ। ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਨੇ ਵੀ ਪਿੱਛਲੇ ਕਈ ਸਾਲਾਂ ਦੌਰਾਨ ਆਂਗਨਵਾੜੀ ਮੁਲਾਜ਼ਮਾਂ ਨੂੰ ਨਾ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤਾ, ਨਾ ਪੈਨਸ਼ਨ, ਨਾ ਗ੍ਰੈਚੁਟੀ, ਨਾ ਸਮਾਜਿਕ ਸੁਰੱਖਿਆ, ਨਾ ਬੀਮਾ ਅਤੇ ਨਾ ਹੀ ਸਨਮਾਨਜਨਕ ਮਾਣਭੱਤਾ। ਪੰਜਾਹ ਸਾਲ ਤੋਂ ਵੱਧ ਸਮੇਂ ਤੋਂ ਦੇਸ਼ ਦੀ ਬੱਚਿਆਂ ਅਤੇ ਮਾਵਾਂ ਦੀ ਸੇਵਾ ਕਰ ਰਹੀਆਂ ਆਂਗਨਵਾੜੀ ਮੁਲਾਜ਼ਮਾਂ ਨਾਲ ਇਹ ਘੋਰ ਬੇਇਨਸਾਫ਼ੀ ਹੈ। ਜ਼ਿਲ੍ਹਾ ਸਕੱਤਰ ਕ੍ਰਿਸ਼ਨਾ ਕੁਮਾਰੀ ਨੇ ਕਿਹਾ ਕਿ ਸਰਕਾਰਾਂ ਲਗਾਤਾਰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ’ਤੇ ਨਵੇਂ-ਨਵੇਂ ਕੰਮਾਂ ਦਾ ਬੋਝ ਪਾ ਰਹੀਆਂ ਹਨ, ਪਰ ਕੰਮ ਕਰਨ ਲਈ ਲੋੜੀਂਦੇ ਸਾਧਨ ਤੱਕ ਨਹੀਂ ਦਿੱਤੇ ਜਾ ਰਹੇ। ਮੋਬਾਈਲ ਫੋਨ, ਇੰਟਰਨੈੱਟ ਅਤੇ ਹੋਰ ਸਹੂਲਤਾਂ ਤੋਂ ਬਿਨਾਂ ਆਨਲਾਈਨ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਵਿਭਾਗੀ ਧੱਕੇਸ਼ਾਹੀ, ਪ੍ਰਸ਼ਾਸਨਿਕ ਜ਼ੁਲਮ ਅਤੇ ਆਰਥਿਕ ਹਮਲੇ ਲਗਾਤਾਰ ਵੱਧ ਰਹੇ ਹਨ, ਜਿਸ ਕਾਰਨ ਸਮੂਹ ਆਂਗਨਵਾੜੀ ਕਾਮਿਆਂ ’ਚ ਭਾਰੀ ਰੋਸ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਮਾਣਭੱਤਾ ਦੁੱਗਣਾ ਕੀਤਾ ਜਾਵੇ, ਸਾਲਾਨਾ ਇੰਕਰੀਮੈਂਟ ਦੁੱਗਣਾ ਕੀਤਾ ਜਾਵੇ, ਹੈਲਪਰ ਤੋਂ ਵਰਕਰ ਅਤੇ ਵਰਕਰ ਤੋਂ ਸੁਪਰਵਾਈਜ਼ਰ ਦੀਆਂ ਲੰਬਿਤ ਤਰੱਕੀਆਂ ਤੁਰੰਤ ਕੀਤੀਆਂ ਜਾਣ, ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤਾ ਜਾਵੇ, ਘੱਟੋ-ਘੱਟ ਉਜਰਤਾਂ ਦੇ ਕਾਨੂੰਨ ਅਨੁਸਾਰ ਤਨਖ਼ਾਹ ਦਿੱਤੀ ਜਾਵੇ, ਪੈਨਸ਼ਨ, ਗ੍ਰੈਚੁਟੀ, ਬੀਮਾ ਅਤੇ ਸਮਾਜਿਕ ਸੁਰੱਖਿਆ ਦੀਆਂ ਸਾਰੀਆਂ ਸਹੂਲਤਾਂ ਲਾਗੂ ਕੀਤੀਆਂ ਜਾਣ, ਕੰਮ ਦਾ ਵਾਧੂ ਬੋਝ ਤੁਰੰਤ ਵਾਪਸ ਲਿਆ ਜਾਵੇ, ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣ ਅਤੇ ਹਰ ਆਂਗਨਵਾੜੀ ਕੇਂਦਰ ਨੂੰ ਲੋੜੀਂਦੇ ਸਾਧਨ ਮੁਹੱਈਆ ਕਰਵਾਏ ਜਾਣ। ਯੂਨੀਅਨ ਨੇ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਆਪਣਾ ਮੁਲਾਜ਼ਮ ਵਿਰੋਧੀ ਅਤੇ ਵਾਅਦਾ-ਖ਼ਿਲਾਫ਼ ਰਵੱਈਆ ਨਾ ਬਦਲਿਆ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤਿੱਖਾ ਬਣਾਇਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ। ਇਸ ਮੌਕੇ ਜਿਲ੍ਹਾ ਕੈਸ਼ੀਅਰ ਪਰਮਜੀਤ ਕੌਰ, ਰਾਜਨਦੀਪ, ਸੋਮਾ ਫਿਲੌਰ, ਸੁਨੀਤਾ ਅਬਾਦਪੁਰਾ, ਬਲਵੀਰ ਕੌਰ ਅਰਬਨ ਬਲਾਕ ਅਤੇ ਹੋਰ ਹਾਜ਼ਰ ਸਨ।