ਜਲੰਧਰ, 11 ਜੁਲਾਈ (ਜਸਪਾਲ ਸਿੰਘ)-ਸੀਨੀਅਰ ਅਕਾਲੀ ਆਗੂ ਗੁਰਨੇਕ ਸਿੰਘ ਢਿੱਲੋਂ ਨੇ ਦਿਲਜੀਤ ਦੁਸਾਂਝ ਦੀ ਫਿਲਮ ਸਤਲੁਜ ’ਤੇ ਰੋਕ ਲਗਾਏ ਜਾਣ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਨਾਲ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਇਸ ਫਿਲਮ ’ਚ ਉਸ ਸਮੇਂ ਦੀ ਹਕੂਮਤ ਤੇ ਪੁਲਿਸ ਵਲੋਂ ਸ਼ਹੀਦ ਖਾਲੜਾ ’ਤੇ ਢਾਹੇ ਗਏ ਤਸ਼ੱਦਦ ਨੂੰ ਦਰਸਾਇਆ ਗਿਆ ਹੈ ਤੇ ਸੱਚ ਨੂੰ ਲੋਕਾਂ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ ਗਿਆ ਹੈ। ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਫਿਲਮ ਨੂੰ ਪਿੰਡ-ਪਿੰਡ ਦਿਖਾਉਣ ਦਾ ਲਿਆ ਗਿਆ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ ਤੇ ਇਸ ਨਾਲ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਵਲੋਂ ਲਾਵਾਰਿਸ ਲਾਸ਼ਾਂ ਦੱਸਕੇ ਬਿਲੇ ਲਗਾਏ ਗਏ ਹਜ਼ਾਰਾਂ ਨੌਜਵਾਨਾਂ ਸੰਬੰਧੀ ਕੀਤੇ ਗਏ ਖੁਲਾਸੇ ਅਤੇ ਪੁਲਿਸ ਦੀਆਂ ਅਣਮਨੁੱਖੀ ਕਾਰਵਾਈਆਂ ਬਾਰੇ ਜਾਣਕਾਰੀ ਮਿਲਦੀ ਹੈ।