ਜਲੰਧਰ, 23 ਜੁਲਾਈ (ਸ਼ਿਵ)- ਮੀਂਹ ਪੈਣ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਹੁੰਮ੍ਹਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਕੁੱਝ ਦਿਨਾਂ ਤੋਂ ਮੌਸਮ ਵਿਚ ਆਏ ਬਦਲਾਅ ਕਾਰਨ ਅਤੇ ਪਹਿਲਾਂ ਵੀ ਮੀਂਹ ਪੈਣ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਉੱਥੇ ਇਸ ਵੇਲੇ ਬਿਜਲੀ ਦੀ ਮੰਗ ਵਿਚ ਵੀ ਕਮੀ ਆਈ ਹੈ। ਮੌਸਮ ਵਿਭਾਗ ਨੇ ਇਨ੍ਹਾਂ ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਜਾਹਿਰ ਕੀਤੀ ਹੈ। ਕੁੱਝ ਦਿਨ ਪਹਿਲਾਂ ਪੈ ਰਹੀ ਗਰਮੀ ਨੇ ਲੋਕਾਂ ਨੂੰ ਹਾਲੋਂ ਬੇਹਾਲ ਕਰ ਦਿੱਤਾ ਸੀ ਤਾਂ ਇਸ ਨਾਲ ਜਨਜੀਵਨ ’ਤੇ ਵੀ ਅਸਰ ਪਿਆ ਸੀ ਪਰ ਹੁਣ ਮੌਸਮ ਵਿਚ ਆਏ ਬਦਲਾਅ ਤੋਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਜੁਲਾਈ ਮਹੀਨੇ ਵਿਚ ਇਨ੍ਹਾਂ ਦਿਨਾਂ ਵਿਚ ਹੀ ਮੀਂਹ ਪਿਆ ਹੈ ਜਿਸ ਨਾਲ ਮੌਸਮ ਵਿਚ ਕੁੱਝ ਬਦਲਾਅ ਆਇਆ ਹੈ। ਉਂਜ ਅੱਜ ਮੀਂਹ ਪੈਣ ਨਾਲ ਕੁੱਝ ਇਲਾਕਿਆਂ ਵਿਚ ਪਾਣੀ ਭਰ ਗਿਆ ਸੀ ਪਰ ਉਨਾਂ ਇਲਾਕਿਆਂ ਵਿਚ ਜ਼ਿਆਦਾ ਪੇ੍ਰਸ਼ਾਨੀ ਆਈ ਜਿੱਥੇ ਕਿ ਸੀਵਰੇਜ ਬੰਦ ਹੋਣ ਨਾਲ ਪਹਿਲਾਂ ਹੀ ਲੋਕਾਂ ਦੀਆਂ ਗਲੀਆਂ ਵਿਚ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ।-