ਐਕਸਾਈਜ਼ ਟੀਮ ’ ਤੇ ਹਮਲੇ ਦੇ ਦੋਸ਼ ’ ਚ ਸੰਦੀਪ ਪਾਹਵਾ ਤੇ ਭਤੀਜੇ ਸਣੇ 4 ਖ਼ਿਲਾਫ਼ ਕੇਸ ਦਰਜ , ਇਕ ਨੂੰ ਲਿਆ ਹਿਰਾਸਤ ’ ਚ
ਜਲੰਧਰ, 5 ਅਗਸਤ (ਜਤਿੰਦਰ ਪੰਮੀ)–ਪੁਲਿਸ ਨੇ ਬੀਤੀ ਰਾਤ ਭਾਰਗੋ ਕੈਂਪ ’ਚ ਸ਼ਰਾਬ ਤਸਕਰ ਨੂੰ ਛੁਡਵਾਉਣ ਲਈ ਐਕਸਾਈਜ਼ ਵਿਭਾਗ ਦੀ ਟੀਮ ’ਤੇ ਕੀਤੇ ਗਏ ਹਮਲੇ ਦੇ ਮਾਮਲੇ ’ਚ ਭਾਰਗੋ ਕੈਂਪ ਵਾਸੀ ਸੰਦੀਪ ਪਾਹਵਾ ਤੇ ਉਸ ਦੇ ਭਤੀਜੇ ਸਾਹਿਲ ਪਾਹਵਾ ਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਲੰਘੀ ਦੇਰ ਰਾਤ ਕੇਸ ਦਰਜ ਕਰਕੇ ਸੰਦੀਪ ਪਾਹਵਾ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਓਧਰ ਪੁਲਿਸ ਨੇ ਇਸ ਝੜਪ ਦੌਰਾਨ ਗੋਲੀਆਂ ਚਲਾਉਣ ਦੇ ਮਾਮਲੇ ’ਚ ਸ਼ਰਾਬ ਠੇਕੇਦਾਰ ਤੋਤੇ ਨੂੰ ਵੀ ਨਾਮਜ਼ਦ ਕਰ ਲਿਆ ਹੈ।
ਜਲੰਧਰ, 5 ਅਗਸਤ (ਜਤਿੰਦਰ ਪੰਮੀ)–ਪੁਲਿਸ ਨੇ ਬੀਤੀ ਰਾਤ ਭਾਰਗੋ ਕੈਂਪ ’ਚ ਸ਼ਰਾਬ ਤਸਕਰ ਨੂੰ ਛੁਡਵਾਉਣ ਲਈ ਐਕਸਾਈਜ਼ ਵਿਭਾਗ ਦੀ ਟੀਮ ’ਤੇ ਕੀਤੇ ਗਏ ਹਮਲੇ ਦੇ ਮਾਮਲੇ ’ਚ ਭਾਰਗੋ ਕੈਂਪ ਵਾਸੀ ਸੰਦੀਪ ਪਾਹਵਾ ਤੇ ਉਸ ਦੇ ਭਤੀਜੇ ਸਾਹਿਲ ਪਾਹਵਾ ਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਲੰਘੀ ਦੇਰ ਰਾਤ ਕੇਸ ਦਰਜ ਕਰਕੇ ਸੰਦੀਪ ਪਾਹਵਾ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਓਧਰ ਪੁਲਿਸ ਨੇ ਇਸ ਝੜਪ ਦੌਰਾਨ ਗੋਲੀਆਂ ਚਲਾਉਣ ਦੇ ਮਾਮਲੇ ’ਚ ਸ਼ਰਾਬ ਠੇਕੇਦਾਰ ਤੋਤੇ ਨੂੰ ਵੀ ਨਾਮਜ਼ਦ ਕਰ ਲਿਆ ਹੈ। ਪੁਲਿਸ ਵਲੋਂ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਓਧਰ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸ਼ਰਾਬ ਕਾਰੋਬਾਰੀ ਤੋਤਾ ਵਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਵਲੋਂ ਭਾਰਗੋ ਕੈਂਪ ਵਿੱਚ ਇਕ ਤਸਕਰ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਸੀ, ਜਿਸ ਨੂੰ ਛੁਡਵਾਉਣ ਲਈ ਸੰਦੀਪ ਪਾਹਵਾ, ਸਾਹਿਲ ਪਾਹਵਾ ਤੇ ਉਨ੍ਹਾਂ ਦੇ ਹੋਰ 12-13 ਅਣਪਛਾਤੇ ਸਾਥੀਆਂ ਨੇ ਹਮਲਾ ਕਰਕੇ ਛੁਡਵਾਉਣ ਦੀ ਕੋਸ਼ਿਸ਼ ਕੀਤੀ ਸੀ। ਇਸੇ ਦੌਰਾਨ ਸ਼ਰਾਬ ਠੇਕੇਦਾਰ ਤੋਤਾ ਵੀ ਸਾਥੀਆਂ ਸਮੇਤ ਉਥੇ ਪੁੱਜਾ, ਜਿਸ ਨੇ 6-7 ਗੋਲੀਆਂ ਚਲਾ ਕੇ ਫਾਇਰ ਕੀਤੇ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਏ. ਸੀ. ਪੀ. ਨੇ ਦੱਸਿਆ ਕਿ ਥਾਣਾ ਭਾਰਗੋ ਕੈਂਪ ਵਿੱਚ ਚਾਰਾਂ ਮੁਲਜ਼ਮਾਂ ਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 109, ਆਰਮਜ਼ ਐਕਟ ਅਤੇ ਸਰਕਾਰੀ ਡਿਊਟੀ ਵਿਘਨ ਪਾਉਣ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।