ਡਾਇਰੈਕਟਰ ਸੈਂਸਜ਼ ਨੇ ਜਨਗਣਨਾ -2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਜਲੰਧਰ, 31 ਅਗਸਤ (ਜਤਿੰਦਰ ਪੰਮੀ)–ਡਾਇਰੈਕਟਰ ਸੈਂਸਜ਼ (ਓਪਰੇਸ਼ਨ) ਡਾ. ਨਵਜੋਤ ਖੋਸਾ ਵਲੋਂ ਜ਼ਿਲ੍ਹੇ ’ਚ ਜਨਗਣਨਾ-2027 ਦੇ ਦੂਜੇ ਪੜਾਅ (ਜਨਸੰਖਿਆ ਗਣਨਾ) ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਗਈ।
ਜਲੰਧਰ, 31 ਅਗਸਤ (ਜਤਿੰਦਰ ਪੰਮੀ)–ਡਾਇਰੈਕਟਰ ਸੈਂਸਜ਼ (ਓਪਰੇਸ਼ਨ) ਡਾ. ਨਵਜੋਤ ਖੋਸਾ ਵਲੋਂ ਜ਼ਿਲ੍ਹੇ ’ਚ ਜਨਗਣਨਾ-2027 ਦੇ ਦੂਜੇ ਪੜਾਅ (ਜਨਸੰਖਿਆ ਗਣਨਾ) ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਗਈ। ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਜ਼ ਅਫ਼ਸਰ ਵਰਜੀਤ ਵਾਲੀਆ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਬਰਾੜ, ਜੁਆਇੰਟ ਕਮਿਸ਼ਨਰ, ਨਗਰ ਨਿਗਮ, ਡਾ. ਸੁਮਨਦੀਪ ਕੌਰ ਅਤੇ ਜਨਗਣਨਾ ਦੀਆਂ ਡਿਊਟੀਆਂ ਲਈ ਨਿਯੁਕਤ ਹੋਰ ਅਧਿਕਾਰੀ/ਕਰਮਚਾਰੀ ਮੌਜੂਦ ਸਨ। ਡਾਇਰੈਕਟਰ, ਸੈਂਸਜ਼ ਓਪਰੇਸ਼ਨ ਨੇ ਜ਼ਿਲ੍ਹੇ ਵਿੱਚ ਪਹਿਲੇ ਪੜਾਅ ‘ਹਾਊਸ ਲਿਸਟਿੰਗ ਅਤੇ ਹਾਊਸਿੰਗ ਸੈਂਸਜ਼ ਓਪਰੇਸ਼ਨ’ ਦੇ ਕਾਰਜਾਂ ਨੂੰ ਸਫ਼ਲਤਾਪੂਰਵਕ ਅਤੇ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਚਾਰਜ ਅਫ਼ਸਰਾਂ ਅਤੇ ਫੀਲਡ ਕਰਮਚਾਰੀਆਂ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਅਗਾਊਂ ਯੋਜਨਾਬੰਦੀ ਅਤੇ ਵਿਭਾਗਾਂ ਵਿਚਕਾਰ ਆਪਸੀ ਤਾਲਮੇਲ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਡਾਇਰੈਕਟਰ ਨੇ ਹਦਾਇਤ ਕੀਤੀ ਕਿ ਜਨਗਣਨਾ-2027 ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਨਿਰਧਾਰਤ ਸਮੇਂ ਦੇ ਅੰਦਰ ਮੁਕੰਮਲ ਕੀਤੀਆਂ ਜਾਣ। ਡਾਇਰੈਕਟਰ ਨੇ ਪ੍ਰਿੰਸੀਪਲ ਸੈਂਸਜ਼ ਅਧਿਕਾਰੀਆਂ ਅਤੇ ਹੋਰ ਜਨਗਣਨਾ ਅਧਿਕਾਰੀਆਂ ਨੂੰ ਜਨਸੰਖਿਆ ਗਣਨਾ ਦੇ ਸੁਚਾਰੂ, ਕੁਸ਼ਲ ਅਤੇ ਪ੍ਰਭਾਵਸ਼ਾਲੀ ਸੰਚਾਲਨ ਲਈ ਸਾਰੇ ਲੋੜੀਂਦੇ ਪ੍ਰਸ਼ਾਸਕੀ ਅਤੇ ਹੋਰ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ । ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਜਲੰਧਰ ਦੇ ਤਾਲਮੇਲ ਨਾਲ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ ਅਤੇ ਸਹੀ, ਪ੍ਰਮਾਣਿਕ ਤੇ ਭਰੋਸੇਯੋਗ ਅੰਕੜੇ ਇਕੱਤਰ ਕਰਨ ਨੂੰ ਯਕੀਨੀ ਬਣਾਉਣ ਲਈ ‘ਰਜਿਸਟਰਾਰ ਜਨਰਲ ਅਤੇ ਸੈਂਸਜ਼ ਕਮਿਸ਼ਨਰ, ਭਾਰਤ’ ਦੇ ਦਫ਼ਤਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਨਗਣਨਾ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਮੀਟਿੰਗ ਵਿੱਚ ਉਪ-ਮੰਡਲ ਮੈਜਿਸਟ੍ਰੇਟਸ, ਸਹਾਇਕ ਕਮਿਸ਼ਨਰ, ਤਹਿਸੀਲਦਾਰ, ਚਾਰਜ ਅਧਿਕਾਰੀ ਵੀ ਮੌਜੂਦ ਸਨ।